ਫਿਰੋਜ਼ਪੁਰ 27 ਫ਼ਰਵਰੀ 2023: ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਥਾਣਾ ਸਿਟੀ ਦੀ ਪੁਲਿਸ (Zira Police) ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੱਲੋਂ ਨਾਕਾਬੰਦੀ ਦੌਰਾਨ ਡੇਢ ਕਿੱਲੋ ਅਫ਼ੀਮ ਅਤੇ ਇਕ ਘੋੜਾ ਟਰਾਲਾ ਜਬਤ ਕੀਤਾ ਗਿਆ ਹੈ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਜਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਮੈਡਮ ਕੰਵਰਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਇੰਚਾਰਜ ਦੀਪਿਕਾ ਕੰਬੋਜ ਗਸ਼ਤ ਕਰਨ ਜ਼ੀਰਾ ਦੇ ਇੱਕ ਚੌਕ ‘ਤੇ ਪਹੁੰਚੇ |
ਇਸ ਦੌਰਾਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਉਰਫ ਸੱਤਾ ਜੋ ਘੋੜਾ ਟਰਾਲਾ ਚਲਾਉਣ ਦਾ ਕੰਮ ਕਰਦਾ ਹੈ ਅਤੇ ਊਹ ਯੂਪੀ ਤੋਂ ਸਸਤੀ ਅਫੀਮ ਲਿਆ ਕੇ ਮਹਿੰਗੇ ਭਾਅ ਵੇਚਣ ਦਾ ਕੰਮ ਵੀ ਕਰਦਾ ਹੈ। ਉਹ ਅੱਜ ਅਫ਼ੀਮ ਲੈ ਕੇ ਆ ਰਿਹਾ ਹੈ। ਜੇਕਰ ਰਾਸਤੇ ਵਿੱਚ ਨਾਕਾਬੰਦੀ ਕੀਤੀ ਜਾਵੇ ਤਾਂ ਉਸ ਫੜਿਆ ਜਾ ਸਕਦਾ ਹੈ।
ਜਿਸ ਤੋਂ ਬਾਅਦ ਜ਼ੀਰਾ ਪੁਲਿਸ (Zira Police) ਨੇ ਤੁਰੰਤ ਸਮਰਾਟ ਪੈਲੇਸ ਕੋਟ ਈਸੇ ਖਾਂ ਰੋਡ ‘ਤੇ ਨਾਕਾਬੰਦੀ ਕੀਤੀ ਗਈ, ਜਦੋਂ ਘੋੜੇ ਟਰਾਲੇ ਨੂੰ ਰੋਕ ਕੇ ਉਸ ਵਿੱਚੋਂ ਤਲਾਸ਼ੀ ਲਈ ਤਾਂ ਬੜੀ ਜੱਦੋ-ਜਹਿਦ ਤੋਂ ਬਾਅਦ ਡੇਢ ਕਿਲੋ ਅਫੀਮ ਬਰਾਮਦ ਕੀਤੀ ਗਈ | ਜਿਸ ਤੋਂ ਬਾਅਦ ਮੁਲਜ਼ਮ ਸਤਨਾਮ ਸਿੰਘ ਉਰਫ ਸੱਤਾ ਨੂੰ ਗ੍ਰਿਫ਼ਤਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂ ਜੋ ਇਸ ਦਾ ਰਿਮਾਂਡ ਹਾਸਲ ਕਰ ਇਸ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ। ਪੁੱਛਗਿੱਛ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਅਫੀਮ ਕਿਸਨੂੰ ਦੇਣੀ ਸੀ ਅਤੇ ਇਸ ਵਿਚ ਹੋਰ ਕੌਣ ਵਿਅਕਤੀ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।