ਚੰਡੀਗੜ੍ਹ, 22 ਫ਼ਰਵਰੀ 2023: ਸਿੱਖ ਜਥੇਬੰਦੀਆਂ (Sikh Organizations) ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ ਦੇ ਰਾਜਨੀਤਿਕ ਵਿੰਗ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਫਗਵਾੜਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੀ ਦਿਨੀ ਕੇਂਦਰੀ ਜਲ ਮੰਤਰੀ ਗਜੇਂਦਰ ਸ਼ੇਖ਼ਾਵਤ ਨੇ ਇੱਕ ਪ੍ਰੈੱਸ ਮਿਲਣੀ ਦੋਰਾਨ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਬੰਦੀ ਸਿੰਘਾਂ ਦੀ ਲਿਸਟ ਨਹੀਂ ਦਿੱਤੀ ਜੋ ਕਿ ਸਰਾਸਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਹੈ ।
ਜਿਕਰਯੋਗ ਹੈ ਕਿ 2022 ਦੀਆਂ ਵਿਧਾਨ-ਸਭਾ ਚੋਣਾਂ ਪਹਿਲਾਂ ਫ਼ਰਵਰੀ 2022 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਦਾਣਾ ਮੰਡੀ ਫਗਵਾੜਾ ਤੋ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਫਗਵਾੜਾ ਰਿਹਾਇਸ਼ ਤੱਕ ਸਿੱਖ ਜਥੇਬੰਦੀਆਂ ਵੱਲੋਂ ਸਾਂਝਾ ਬੰਦੀ ਸਿੰਘ ਰਿਹਾਈ ਮਾਰਚ ਕੀਤਾ ਗਿਆ ਸੀ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪਣੀ ਰਿਹਾਇਸ਼ ਦੇ ਬਾਹਰ ਖੜੇ ਪੰਜ ਮੈਂਬਰੀ ਵਫ਼ਦ ਕੋਲੋਂ ਮੈਮੋਰੰਡਮ ਲੈਣ ਤੋ ਵੀ ਇਨਕਾਰ ਕਰ ਦਿੱਤਾ, ਜਿਸਦੇ ਰੋਸ ਵਜੋਂ ਲਗਭਗ 2 ਘੰਟੇ ਤੱਕ ਸਿੱਖ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸਾਂਝੇ ਰੂਪ ਵਿੱਚ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ ।
ਜਿਸ ਤੋ ਬਾਅਦ ਸਿੱਖ ਜਥੇਬੰਦੀਆਂ (Sikh Organizations) ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੋਰਾਨ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਗਿਆ, ਜਿਸ ਐਲਾਨ ਤੋ ਬਾਅਦ ਮਿਤੀ 9 ਫ਼ਰਵਰੀ 2022 ਨੂੰ ਫਗਵਾੜੇ ਦੇ ਇੱਕ ਪੈਲੇਸ ਵਿਖੇ ਕੇਂਦਰੀ ਮੰਤਰੀ ਗਜੇਂਦਰ ਸ਼ੇਖ਼ਾਵਤ ਅਤੇ ਉਸ ਵਕਤ ਭਾਜਪਾ ਦੇ ਫਗਵਾੜੇ ਤੋ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਵਿਜੇ ਸਾਂਪਲਾ ਮੋਜੂਦਾ ਰਾਸ਼ਟਰੀ ਐਸ ਸੀ ਕਮਿਸ਼ਨ ਚੇਅਰਮੈਨ ਨੇ ਸਿੱਖ ਜਥੇਬੰਦੀਆਂ ਦੇ ਇੱਕ ਵਫ਼ਦ ਨਾਲ ਮੀਟਿੰਗ ਕੀਤੀ ਅਤੇ ਬੰਦੀ ਸਿੰਘਾਂ ਦੇ ਕੇਸਾਂ ਤੇ ਲਗਭਗ ਇੱਕ ਘੰਟਾ ਵਿਸਥਾਰ ਨਾਲ ਚਰਚਾ ਕੀਤੀ ।
ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਉਸ ਵਫ਼ਦ ਵਿੱਚ ਮੋਜੂਦ ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਖੁਦ 20 ਬੰਦੀ ਸਿੰਘਾਂ ਦੀ ਲਿਸਟ ਕੇਂਦਰੀ ਮੰਤਰੀ ਗਜੇਂਦਰ ਸ਼ੇਖ਼ਾਵਤ ਨੂੰ ਨਿੱਜੀ ਤੋਰ ਤੇ ਸੋਂਪੀ । ਇਸ ਵਫ਼ਦ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ , ਭਾਈ ਗੁਰਚਰਨ ਸਿੰਘ ਹਵਾਰਾ ਧਰਮੀ ਪਿਤਾ ਭਾਈ ਜਗਤਾਰ ਸਿੰਘ ਹਵਾਰਾ , ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ , ਸੁਖਦੇਵ ਸਿੰਘ ਫਗਵਾੜਾ , ਭਾਈ ਹਰਜਿੰਦਰ ਸਿੰਘ ਮਾਝੀ , ਭਾਈ ਹਰਦੀਪ ਸਿੰਘ ਡਿਬਡਿਬਾ ਪ੍ਰਧਾਨ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਅਮਰਜੀਤ ਸਿੰਘ ਸੰਧੂ ਹਰਪ੍ਰੀਤ ਸਿੰਘ ਸੋਢੀ ਅਤੇ ਮਨਜੀਤ ਸਿੰਘ ਫਗਵਾੜਾ ਸ਼ਾਮਿਲ ਸਨ ।
ਵਫ਼ਦ ਦੇ ਆਗੂਆਂ ਨੇ ਬੰਦੀ ਸਿੰਘਾ ਦੀ ਲਿਸਟ ਬਾਰੇ ਵਿਸਥਾਰ ਨਾਲ ਦੋਵਾ ਭਾਜਪਾ ਆਗੂਆਂ ਨਾਲ ਲੰਮੀ ਗੱਲਬਾਤ ਕੀਤੀ ਅਤੇ ਜਿਸ ਤੋ ਬਾਅਦ ਮੋਕੇ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖ਼ਾਵਤ ਨੇ ਮੋਕੇ ਤੇ ਗ੍ਰਹਿ ਮੰਤਰੀ ਭਾਰਤ ਨਾਲ ਗੱਲ ਕੀਤੀ ਅਤੇ ਕਿਹਾ ਕਿ ਬਹੁਤ ਜਲਦ ਤੁਹਾਨੂੰ ਚੰਗੇ ਨਤੀਜੇ ਮਿਲਣਗੇ । ਇਹੀ ਬਿਆਨ ਉਨ੍ਹਾਂ ਪ੍ਰੈੱਸ ਸਾਹਮਣੇ ਵੀ ਦੁਹਰਾਇਆ ਜੋ ਕਿ ਉਸ ਵਕਤ ਸਾਰੀਆਂ ਅਖਬਾਰਾਂ ਤੇ ਟੀ ਵੀ ਚੈਨਲਾਂ ਤੇ ਚੱਲਿਆ , ਪਰ ਸਾਰਾ ਕੁਝ ਜਨਤਕ ਖੇਤਰ ਵਿੱਚ ਹੋਣ ਦੇ ਬਾਵਜੂਦ ਵੀ ਕੇਂਦਰੀ ਮੰਤਰੀ ਦਾ ਆਪਣੇ ਬਿਆਨਾਂ ਤੋ ਮੁੱਕਰਨਾ ਮੰਦਭਾਗਾਂ ਹੈ । ਅਸੀਂ ਮੀਡੀਆ ਰਾਹੀ ਇੱਕ ਵਾਰ ਫੇਰ ਗਜੇਂਦਰ ਸ਼ੇਖ਼ਾਵਤ ਜੀ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਦੁਬਾਰਾ ਉਸੇ ਵਫਦ ਨਾਲ ਤੁਹਾਨੂੰ ਮਿਲ ਕੇ ਉਹੀ ਲਿਸਟ ਦੁਬਾਰਾ ਸੋਂਪਣ ਲਈ ਤਿਆਰ ਹਾਂ ਜੇ ਉਹ ਸਾਨੂੰ ਮਿਲਣ ਦਾ ਸਮਾਂ ਦੇਣ । ਉਸ ਵਕਤ ਦੀਆਂ ਅਖਬਾਰਾਂ ਦੀਆਂ ਖਬਰਾਂ ਤੇ ਵੀਡੀੳਜ ਪ੍ਰੈੱਸ ਨੋਟ ਨਾਲ ਭੇਜ ਰਹੇ ਹਾਂ ।