Punjabi University

ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਹਾਲ ਦੀ ਛੱਤ ‘ਤੇ ਚੜੀਆਂ ਦੋ ਕੰਟਰੈਕਟ ਮਹਿਲਾ ਅਧਿਆਪਕ

ਪਟਿਆਲਾ, 17 ਜਨਵਰੀ 2023: ਪੰਜਾਬੀ ਯੂਨੀਵਰਸਿਟੀ (Punjabi University) ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹੈ ਪਰ ਯੂਨੀਵਰਸਿਟੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨ ਨਾ ਕੀਤਾ ਗਿਆ ਜਿਸ ਦੇ ਰੋਸ ਵਜੋ ਵੱਡੀ ਗਿਣਤੀ ਵਿਚ ਇਕੱਠੇ ਹੋਏ ਕੰਟਰੈਕਟ ਅਧਿਆਪਕ ਯੂਨੀਅਨ ਵੱਲੋ ਯੂਨੀਵਰਸਿਟੀ ਮੈਨੇਜਮੈਂਟ ਦੇ ਖਿਲਾਫ਼ ਇਕ ਵਿਸ਼ਾਲ ਰੋਸ ਰੈਲੀ ਕੀਤੀ ਗਈ |

ਇਸ ਰੋਸ ਰੈਲੀ ਦੌਰਾਨ ਕੰਟਰੈਕਟ ਅਧਿਆਪਕ ਯੂਨੀਅਨ ਦੇ ਦੋ ਮਹਿਲਾ ਸਾਥੀ ਗੁਰੂ ਤੇਗ ਬਹਾਦਰ ਹਾਲ ਦੀ ਛੱਤ ‘ਤੇ ਚੜ੍ਹ ਗਏ, ਇਹਨਾਂ ਮਹਿਲਾ ਅਧਿਆਪਕਾਂ ਵੱਲੋਂ ਛੱਤ ‘ਤੇ ਚੜ੍ਹ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਇਸਤੋਂ ਬਾਅਦ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਇਹਨਾਂ ਅਧਿਆਪਕਾਂ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਗਈ, ਪ੍ਰੰਤੂ ਇਹ ਅਧਿਆਪਕ ਆਪਣੀਆ ਹੱਕੀ ਮੰਗਾ ਨੂੰ ਲੈ ਕੇ ਰੋਸ ਪ੍ਰਦਰਸ਼ਨ ‘ਤੇ ਡਟੇ ਰਹੇ |

ਉਥੇ ਹੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਇਨ੍ਹਾਂ ਅਧਿਆਪਕਾਂ ਦੇ ਨਾਲ ਕਾਫੀ ਬਹਿਸ-ਬਾਜੀ ਵੀ ਦੇਖਣ ਨੂੰ ਮਿਲੀ ਅਤੇ ਗੁਰੂ ਤੇਗ ਬਹਾਦਰ ਹਾਲ ਦੀ ਛੱਤ ‘ਤੇ ਚੜ੍ਹੀਆ ਮਹਿਲਾ ਅਧਿਆਪਕਾਂ ਵੱਲੋਂ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ | ਜਿਸ ਤੋਂ ਬਾਅਦ ਹਾਲਾਤ ਵਿਗੜ ਗਏ ਅਤੇ ਯੂਨੀਵਰਸਿਟੀ ਸਕਿਊਰਟੀ ਮੁਲਾਜ਼ਮ ਮਹਿਲਾ ਅਧਿਆਪਕਾ ਨੂੰ ਬਚਾਉਣ ਲਈ ਇਧਰ-ਉਧਰ ਭੱਜਦੇ ਵੀ ਵਿਖਾਈ ਦਿੱਤੇ, ਪਰੰਤੂ ਅਧਿਆਪਕ ਯੂਨੀਅਨ ਦੇ ਸਾਥੀਆਂ ਵੱਲੋਂ ਇਹਨਾਂ ਅਧਿਆਪਕਾਂ ਨੂੰ ਬੜੀ ਹੀ ਮੁਸ਼ੱਕਤ ਤੋਂ ਬਾਅਦ ਰੋਕਿਆ ਗਿਆ |

ਪ੍ਰੋਫੈਸਰ ਤਰਨਜੀਤ ਕੌਰ ਅਤੇ ਪਿਛਲੇ ਪੰਦਰਾਂ ਸਾਲਾਂ ਤੋਂ ਕੰਟਰੈਕਟ ਦਾ ਸੰਤਾਪ ਹੰਢਾ ਰਹੀ ਪ੍ਰੋਫ਼ੈਸਰ ਹਰਪ੍ਰੀਤ ਕੌਰ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਪ੍ਰਸ਼ਾਸ਼ਨਿਕ ਅਧਿਕਾਰੀ ਦੇ ਦਫਤਰ ਗੁਰੂ ਤੇਗ ਬਹਾਦਰ ਹਾਲ ਦੀ ਲੱਗਭਗ 100 ਫੁੱਟ ਸਿਖਰਲੀ ਛੱਤ ‘ਤੇ ਜਾ ਚੜੀਆਂ | ਇਸ ਦੌਰਾਨ ਦੋਵੇਂ ਮਹਿਲਾ ਅਧਿਆਪਕਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਨੀਚੇ ਨਹੀਂ ਆਉਣਗੀਆਂ ਅਤੇ ਜੇਕਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਉਹਨਾਂ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਉਹ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੀਆਂ |

Scroll to Top