ਨਵਾਂਸ਼ਹਿਰ, 16 ਫਰਵਰੀ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ (Prof. Kirpal Singh Badungar) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਦਰਮਿਆਨ ਚੱਲ ਰਹੀ ਕਸ਼ਮਕਸ਼ ਵਿੱਚ ਇੱਕ ਦੂਜੇ ਨੂੰ ਨੀਵਾਂ ਝੁਕਾਉਣ ਦੀ ਜੰਗ ਲੱਗੀ ਹੋਈ ਹੈ, ਜੋ ਕਿ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਦੋਨਾਂ ਦੀ ਆਪਸੀ ਕਸ਼ਮਕਸ਼ ਕਾਰਨ ਬਹੁਤ ਚਿੰਤਾਵਾਨ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਦੋਵੇਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਵਿੱਚੋਂ ਹੀ ਤਨਖਾਹਾਂ ਲੈਂਦੇ ਹਨ ਤੇ ਇਸ ਲਈ ਇਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਕੇ ਮਿਲ-ਬੈਠ ਕੇ ਪੰਜਾਬ ਨੂੰ ਵਧੀਆ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਦੋਵੇਂ ਵੱਡੇ ਸਤਿਕਾਰਤ ਅਹੁਦੇ ਹਨ ਤੇ ਇਨ੍ਹਾਂ ਦੀ ਮਰਿਆਦਾ ਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਪਹਿਲਾਂ ਹੀ ਕਤਲੋ-ਗਾਰਦ, ਨਸ਼ਿਆਂ ਦੀ ਦਲਦਲ, ਬੇਰੁਜ਼ਗਾਰੀ, ਧਰਨਿਆਂ-ਪ੍ਰਦਰਸ਼ਨਾਂ ਦੀ ਮਾਰ ਚਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਧੰਗੇੜਾ ਮੈਨੇਜਰ, ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਜਥੇਦਾਰ ਸਵਰਨ ਸਿੰਘ ਗੁਪਾਲੋਂ ਸਾਬਕਾ ਵਾਈਸ ਚੇਅਰਮੈਨ, ਹਰਜਿੰਦਰ ਸਿੰਘ ਪੰਜੋਲੀ, ਗ੍ਰੰਥੀ ਸਿੰਘ ਨਿਰਮਲ ਸਿੰਘ, ਬੇਅੰਤ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।