ਚੰਡੀਗੜ੍ਹ, 20 ਫਰਵਰੀ 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਪੰਜਾਬ ਵੱਲੋਂ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਚੱਬਾ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਹੀ ਵਿਚ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਦਾ ਪੁਤਲਾ ਫੂਕਿਆ |
ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਮ ਆਦਮੀ ਦੇ ਲੇਬਲ ਹੇਠ ਬਣੀ ਪੰਜਾਬ ਸਰਕਾਰ ਨੇ “ਧਰਨਾ ਮੁਕਤ ਪੰਜਾਬ” ਦਾ ਨਾਅਰਾ ਦਿੱਤਾ ਸੀ ਪਰ ਅੱਜ ਸਰਕਾਰ ਦੀ ਬੇਢੰਗੀ ਤੇ ਘਟੀਆ ਕਾਰਜਸ਼ੈੱਲੀ ਕਾਰਨ ਪੰਜਾਬ ਹਰ ਦਿਨ ” ਧਰਨਾ ਯੁਕਤ ਪੰਜਾਬ ” ਬਣ ਚੁੱਕਾ ਹੈ, ਆਲਮ ਇਹ ਹੈ ਕਿ ਸਰਕਾਰ ਧਰਨਾਕਾਰੀਆਂ ਕੋਲੋਂ ਮੰਗ ਪੂਰੀ ਕਰਨ ਲਈ ਮੂੰਹੋ ਮੰਗਿਆ ਸਮਾਂ ਮਿਲਣ ‘ਤੇ ਵੀ ਦਿੱਤੇ ਸਮੇਂ ਵਿਚ ਕੰਮ ਨੇਪਰੇ ਚਾੜ੍ਹਨ ‘ਚ ਨਾਕਾਮ ਰਹਿ ਰਹੀ ਹੈ |
ਜਿਸਦੀ ਉਦਾਹਰਣ ਬਟਾਲਾ ਧਰਨੇ ਵਿਚ ਮੰਗਾਂ ‘ਤੇ ਕੰਮ ਕਰਨ ਲਈ ਮੰਗੇ ਗਏ 20 ਦਿਨ ਵਿਚ ਇੱਕ ਇੰਚ ਮਾਤਰ ਵੀ ਕੰਮ ਸਿਰੇ ਨਹੀਂ ਲੱਗੇ, ਜਿਸਦੇ ਚੱਲਦੇ ਜਥੇਬੰਦੀ ਨੂੰ ਦੁਬਾਰਾ ਤੋਂ 22 ਤਾਰੀਖ਼ ਨੂੰ ਰੇਲ ਧਰਨੇ ‘ਤੇ ਜਾਣਾ ਪੈ ਰਿਹਾ ਹੈ | ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਜਿੱਥੇ ਇਸ ਸਮੇਂ ਦੇਸ਼ ਵਿਚ ਮੀਡੀਆ ਦਾ ਇੱਕ ਵੱਡਾ ਹਿੱਸਾ ਲੋਕ ਹਿੱਤਾਂ ਦੀ ਆਵਾਜ਼ ਚੁੱਕਣੀ ਛੱਡ ਕੇ ਸਰਕਾਰ ਦੀਆਂ ਨਾਕਾਮੀਆਂ ‘ਤੇ ਪਰਦੇ ਪਾਉਣ ਅਤੇ ਗੁਣਗਾਨ ਕਰਨ ਵਿਚ ਲੱਗਾ ਹੈ ਤੇ ਮੋਦੀ ਸਰਕਾਰ ਨਿਰਪੱਖ ਪੱਤਰਕਾਰੀ ਕਰਨ ਵਾਲੇ ਵਿਸ਼ਵ ਪੱਧਰੀ ਮੀਡੀਆ ਅਦਾਰਿਆਂ ਨਾਲ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਕਰਕੇ ਧੱਕੇਸ਼ਾਹੀ ‘ਤੇ ਉੱਤਰੀ ਹੋਈ ਹੈ |
ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਆਗੂਆਂ, ਬੁੱਧੀਜੀਵੀਆਂ ਅਤੇ ਵਿਚਾਰਕਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਅਤੇ ਇਸੇ ਤਹਿਤ ਇੱਕ ਵਾਰ ਫਿਰ ਤੋਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਫੇਸਬੁੱਕ ਅਕਾਊਂਟ ਬੰਦ ਕਰਵਾ ਦਿੱਤਾ ਗਿਆ ਹੈ | ਜਦਕਿ ਇਸੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਧਰਮ ਦੇ ਨਾਮ ‘ਤੇ ਕਤਲ ਕਰਨ ਵਾਲੇ ਸਰਕਾਰੀ ਬਾਬੇ ਤੇ ਸਿਆਸਤਦਾਨ ਜ਼ਹਿਰ ਉਗਲ ਰਹੇ ਹਨ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ |
ਓਹਨਾ ਨੇ ਕਿਹਾ ਕਿ ਬੇਸ਼ੱਕ ਜਥੇਬੰਦੀ (Kisan Mazdoor Sangharsh Committee) ਪ੍ਰਚਾਰ ਲਈ ਸ਼ੋਸਲ ਮੀਡੀਆ ਦੀ ਮੋਹਤਾਜ਼ ਨਹੀਂ ਪਰ ਇਹ ਅੱਜ ਦੇ ਸਮੇ ਦੇ ਹਿਸਾਬ ਨਾਲ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦਾ ਘਾਣ ਹੈ | ਓਹਨਾ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਦਿੱਲੀ ਮੋਰਚੇ ਦੇ ਸਮੇਂ ਤੋਂ ਅੱਜ ਤੱਕ ਲਗਾਤਾਰ ਦੂਜੇ ਆਗੂਆਂ ਦੇ ਫੇਸਬੁੱਕ ਅਕਾਊਂਟ ਬੈਨ ਕੀਤੇ ਜਾ ਰਹੇ ਹਨ ਜਾਂ ਪਹੁੰਚ ਘਟਾਈ ਜਾ ਰਹੀ ਹੈ | ਓਹਨਾ ਕਿਹਾ ਕਿ ਇਹ ਤਾਨਾਸ਼ਾਹੀ ਬੰਦ ਹੋਣੀ ਚਾਹੀਦੀ ਹੈ |