ਪੂਰਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ, ਮੈਂ ਨੂੰਹ ਬਣ ਕੇ ਆਈ ਸੀ, ਧੀ ਵਰਗਾ ਪਿਆਰ ਮਿਲਿਆ :ਪ੍ਰਨੀਤ ਕੌਰ

Preneet Kaur

ਪਟਿਆਲਾ, 7 ਮਈ 2024: ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ (Preneet Kaur) ਨੇ ਮੰਗਲਵਾਰ ਨੂੰ ਨਾਭਾ ਵਿਖੇ ਕਰੀਬ 10 ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਬੈਠਕਾਂ ਕੀਤੀਆਂ। ਲੋਕਾਂ ਵੱਲੋਂ ਮਿਲ ਰਹੇ ਪਿਆਰ ਨਾਲ ਭਾਵੁਕ ਹੁੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਸਮੁੱਚਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ ਹੈ ਅਤੇ ਇਸ ਦੇ ਹਰ ਮੈਂਬਰ ਨੇ ਧੀ ਵਰਗਾ ਪਿਆਰ ਦਿੱਤਾ ਹੈ।

ਇਹ ਪਟਿਆਲਾ ਵਾਸੀਆਂ ਦਾ ਪਿਆਰ ਹੈ, ਜਿਸ ਦੀ ਬਦੌਲਤ ਉਹ ਜਿਲੇ ਦੇ ਵੱਡੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿਚ ਕਾਮਯਾਬ ਹੋਏ ਹਨ। ਇਹ ਪਟਿਆਲਾ ਵਾਸੀਆਂ ਦੀ ਸੂਝ-ਬੂਝ ਅਤੇ ਪਿਆਰ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਪਟਿਆਲਾ ਨੂੰ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਨੂੰ ਸਥਾਪਿਤ ਕਰਵਾਇਆ।

ਇਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਹੀ ਪਟਿਆਲੇ ਨੂੰ ਦਿੱਤੀ। ਨਵਾਂ ਬੱਸ ਸਟੈਂਡ, ਡੇਅਰੀ ਪ੍ਰਾਜੈਕਟ, ਨਹਿਰੀ ਪਾਣੀ ਪ੍ਰਾਜੈਕਟ, ਛੋਟੀ-ਵੱਡੀ ਨਦੀ ਦੇ ਸੁੰਦਰੀਕਰਨ ਪ੍ਰਾਜੈਕਟ, 18.2 ਕਿਲੋਮੀਟਰ ਲੰਬੇ ਦੱਖਣੀ ਬਾਈਪਾਸ ਤੋਂ ਬਾਅਦ ਹੁਣ ਮੋਦੀ ਸਰਕਾਰ ਰਾਹੀਂ 27 ਕਿਲੋਮੀਟਰ ਲੰਬੇ ਉੱਤਰੀ ਬਾਈਪਾਸ ਬਣਾਉਣ ਦਾ ਮੌਕਾ ਮਿਲਿਆ, ਜੋ ਸ਼ਹਿਰ ਨੂੰ ਆਰਥਿਕ, ਕਾਰੋਬਾਰ ਦੇ ਤੌਰ ਤੇ ਫਾਇਦਾ ਦੇਵੇਗਾ ।

ਨਾਭਾ ਦੇ ਬੌੜਾਂ ਗੇਟ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਉਪਰੰਤ ਪ੍ਰਨੀਤ ਕੌਰ ਨੇ ਕਿਹਾ ਕਿ ਨਾਭਾ ਨੇ ਪਟਿਆਲਾ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਨਾਭਾ ਦੇ ਖੇਤੀ ਸੰਦਾਂ ਦੀ ਪਛਾਣ ਪਟਿਆਲਾ ਜ਼ਿਲ੍ਹੇ ਵਿੱਚ ਹੀ ਨਹੀਂ ਸਗੋਂ ਵਿਸ਼ਵ ਪੱਧਰ ’ਤੇ ਹੈ। ਭਵਿੱਖ ਵਿੱਚ ਉਨ੍ਹਾਂ ਦਾ ਸੁਪਨਾ ਹੈ ਕਿ ਨਾਭਾ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲਾ ਫੋਕਲ ਪੁਆਇੰਟ ਵਿਕਸਤ ਕਰਕੇ ਇਸ ਖੇਤਰ ਨੂੰ ਕੌਮੀ ਪੱਧਰ ’ਤੇ ਨਵੀਂ ਪਛਾਣ ਦਿਵਾਈ ਜਾਵੇ।

ਇਸ ਤੋਂ ਪਹਿਲਾਂ ਨਾਭਾ ਵਿੱਚ ਸਥਾਪਿਤ ਹਾਰਲਿਕਸ ਅਤੇ ਕਰਤਾਰ ਕੰਬਾਈਨ ਦੇਸ਼ ਦੀ ਤਰੱਕੀ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਵੀ ਵੱਡਾ ਯੋਗਦਾਨ ਪਾ ਰਹੀਆਂ ਹਨ, ਪਰ ਜੇਕਰ ਇਸ ਖੇਤਰ ਵਿੱਚ ਫੋਕਲ ਪੁਆਇੰਟ ਵਿਕਸਤ ਕੀਤਾ ਜਾਂਦਾ ਹੈ ਤਾਂ ਪਟਿਆਲਾ ਹੀ ਨਹੀਂ ਸਗੋਂ ਪੂਰੇ ਮਾਲਵਾ ਨੂੰ ਰੋਜਗਾਰ ਦਾ ਫਾਇਦਾ ਮਿਲ ਸਕੇਗਾ।

ਲੋਕ ਸਭਾ ਚੋਣਾਂ ਨੂੰ ਲੈ ਕੇ ਨਾਭਾ ਦੇ ਲੋਕਾਂ ਵਿੱਚ ਵੱਧ ਰਹੇ ਉਤਸ਼ਾਹ ਨੂੰ ਦੇਖਦਿਆਂ ਪ੍ਰਨੀਤ ਕੌਰ (Preneet Kaur) ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜ਼ਿਲ੍ਹੇ ਭਰ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਭਰੋਸਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਉਤਸ਼ਾਹ ਦੇ ਆਧਾਰ ‘ਤੇ ਉਹ ਜ਼ਿਲ੍ਹੇ ਦੇ ਸਾਰੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕੇਂਦਰ ਤੋਂ ਵੱਡੀ ਮਦਦ ਪ੍ਰਾਪਤ ਕਰ ਸਕਣਗੇ।

ਮੰਗਲਵਾਰ ਨੂੰ ਪ੍ਰਨੀਤ ਕੌਰ ਨੇ ਹੀਰਾ ਕੰਪਲੈਕਸ ਨਾਭਾ, ਰਾਮ ਕਿਸ਼ੋਰ ਗਲੀ ਨਾਭਾ, ਪਟਿਆਲਾ ਗੇਟ, ਗੁਰੂ ਨਾਨਕਪੁਰਾ ਮੁਹੱਲਾ ਨਾਭਾ, ਬੌੜਾ ਗੇਟ, ਹੀਰਾ ਮਹਿਲ, ਸੁੰਦਰ ਨਗਰ, ਐਸ.ਐਸ.ਟੀ ਨਗਰ, ਬਾਬਾ ਸ਼ਮਸ਼ੇਰ ਸਿੰਘ ਅਲੀਪੁਰ ਆਦਿ ਖੇਤਰਾਂ ਵਿੱਚ ਕੀਤੀਆਂ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ।

ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪਰਮਜੀਤ ਸਿੰਘ ਮੱਗੂ, ਪ੍ਰੋ. ਹਰਦੀਪ, ਬਾਬਾ ਸ਼ਮਸ਼ੇਰ ਸਿੰਘ ਅਲੀਪੁਰ, ਬਹਾਦਰ ਖਾਨ, ਜਤਿੰਦਰ ਸਿੰਘ ਭੰਗੂ, ਵਰਿੰਦਰ ਬਿੱਟੂ, ਕਰਮ ਲਹਿਲ, ਸੁਖਪ੍ਰੀਤ ਸਿੰਘ ਘੁੰਮਣ, ਗੁਰਦੇਵ ਜਲੋਟਾ, ਮੰਡਲ ਪ੍ਰਧਾਨ ਪਰਮਿੰਦਰ ਗੁਪਤਾ, ਪਲਵਿੰਦਰ ਛੀਟਾਂਵਾਲਾ, ਜਗਦੀਪ ਸਿੰਘ ਨਾਭਾ ਅਤੇ ਸਮੂਹ ਮੰਡਲ ਪ੍ਰਧਾਨ ਹਾਜ਼ਰ ਸਨ।

Leave a Reply

Your email address will not be published. Required fields are marked *