ਚੰਡੀਗੜ੍ਹ, 26 ਮਈ 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ (Bharat Inder Singh Chahal) ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਭਰਤ ਇੰਦਰ ਸਿੰਘ ਨੇ ਵਿਜੀਲੈਂਸ ਵੱਲੋਂ ਚੱਲ ਰਹੀ ਜਾਂਚ ਸਬੰਧੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਮਾਣਯੋਗ ਵਧੀਕ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਵੀਰਵਾਰ ਨੂੰ ਚਾਹਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਵਿਜੀਲੈਂਸ ਨੇ ਪਿਛਲੇ ਸਾਲ ਨਵੰਬਰ ਵਿੱਚ ਭਰਤ ਇੰਦਰ ਸਿੰਘ ਚਾਹਲ ਦੀਆਂ ਵੱਖ-ਵੱਖ ਜਾਇਦਾਦਾਂ ਦੀ ਜਾਂਚ ਸ਼ੁਰੂ ਕੀਤੀ ਸੀ।
ਵਿਜੀਲੈਂਸ ਨੇ ਜੇਲ ਰੋਡ ‘ਤੇ ਚਹਿਲ ਦੇ ਸ਼ਾਪਿੰਗ ਮਾਲ, ਸਰਹਿੰਦ ਰੋਡ ‘ਤੇ ਸਥਿਤ ਮੈਰਿਜ ਪੈਲੇਸ ਅਤੇ ਹੋਰ ਜਾਇਦਾਦਾਂ ਦੀ ਕਾਗਜ਼ੀ ਚੈਕਿੰਗ ਅਤੇ ਪੈਮਾਇਸ਼ ਕੀਤੀ ਜਾ ਚੁੱਕੀ ਸੀ । ਆਮਦਨ ਦੇ ਸਰੋਤ ਅਤੇ ਜਾਇਦਾਦ ਬਾਰੇ ਸ਼ੱਕ ਹੋਣ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਈ ਵਾਰ ਨੋਟਿਸ ਦਿੱਤੇ ਸਨ। ਪਿਛਲੀਆਂ ਤਾਰੀਖ਼ਾਂ ਵਿੱਚ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਛੋਟ ਮੰਗੀ ਸੀ ਪਰ ਚਾਹਲ ਅੱਜ ਤੱਕ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੌਰਾਨ ਚਾਹਲ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ।