ਚੰਡੀਗੜ੍ਹ, 31 ਜਨਵਰੀ 2023: ਪਿਛਲੇ ਸਾਲ 26 ਨਵੰਬਰ ਨੂੰ ਨਵੀਂ ਦਿੱਲੀ-ਨਿਊ ਯਾਰਕ ਏਅਰ ਇੰਡੀਆ ਦੀ ਉਡਾਣ ‘ਚ ਇਕ ਔਰਤ ‘ਤੇ ਪਿਸ਼ਾਬ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ (Shankar Mishra) ਨੂੰ ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਤੋਂ ਜ਼ਮਾਨਤ ਮਿਲ ਗਈ। ਦੱਸ ਦੇਈਏ ਕਿ ਸੋਮਵਾਰ ਨੂੰ ਵਧੀਕ ਸੈਸ਼ਨ ਜੱਜ ਹਰਜੋਤ ਸਿੰਘ ਭੱਲਾ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦੂਜੇ ਪਾਸੇ ਸ਼ੰਕਰ ਮਿਸ਼ਰਾ ਵੱਲੋਂ ਪੇਸ਼ ਹੋਏ ਵਕੀਲ ਸੀਨੀਅਰ ਐਡਵੋਕੇਟ ਰਮੇਸ਼ ਗੁਪਤਾ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਨੇ ਘਟਨਾ ਤੋਂ ਬਾਅਦ ਟਿਕਟ ਦੀ ਭਰਪਾਈ ਦੀ ਮੰਗ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਾ ਲਈ ਕਿਹਾ । ਉਨ੍ਹਾਂ ਨੇ ਕਿਹਾ ਕਿ ਮੈਜਿਸਟ੍ਰੇਟ ਦੀ ਅਦਾਲਤ ਨੇ ਉਸ ਦੇ ਮੁਵੱਕਿਲ ਨੂੰ ਇਹ ਕਹਿ ਕੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਦਾ ਆਚਰਣ ਤਸੱਲੀਬਖਸ਼ ਨਹੀਂ ਹੈ ਅਤੇ ਜਾਂਚ ਲੰਬਿਤ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਮਿਸ਼ਰਾ (Shankar Mishra) ‘ਤੇ ਜਾਂਚ ‘ਚ ਸਹਿਯੋਗ ਨਾ ਦੇਣ ਦਾ ਦੋਸ਼ ਲਗਾਇਆ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮ ਨੇ ਸੀਨੀਅਰ ਸਿਟੀਜ਼ਨ ’ਤੇ ਪਿਸ਼ਾਬ ਕਰ ਦਿੱਤਾ ਸੀ। ਉਸ ਨੇ ਆਪਣੇ ਸਾਰੇ ਮੋਬਾਈਲ ਫੋਨ ਬੰਦ ਕਰ ਦਿੱਤੇ ਸਨ। ਫਿਰ ਅਸੀਂ ਇਸ ਨੂੰ IMEI ਨੰਬਰ ਰਾਹੀਂ ਟਰੇਸ ਕੀਤਾ। ਉਸ ਨੇ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕੀਤਾ ਹੈ। ਉਸ ਨੂੰ ਦਿੱਲੀ ਪੁਲਿਸ ਨੇ 6 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ।