ਸੁਨਾਮ ਊਧਮ ਸਿੰਘ ਵਾਲਾ, 11 ਜਨਵਰੀ, 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਸ਼ਹੀਦ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ 4-5 ਫਰਵਰੀ ਨੂੰ ਆਯੋਜਿਤ ਕੀਤੀ ਜਾਣ ਵਾਲੀ ‘ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਨਾਮ ਸੁਪਰ ਲੀਗ’ ਵਿੱਚ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਰੱਸਾਕਸੀ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ।
ਕੈਬਨਿਟ ਮੰਤਰੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਪਹਿਲੇ ਤਿੰਨ ਸਥਾਨਾਂ ਉਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 21000 ਰੁਪਏ, 11000 ਰੁਪਏ ਅਤੇ 5100 ਰੁਪਏ ਦੇ ਨਕਦ ਇਨਾਮ ਅਤੇ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਨੂੰ ਖੇਡ ਕਿੱਟਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਲਕਾ ਸੁਨਾਮ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦੀ ਟੀਮ ਇਸ ਵਿੱਚ ਹਿੱਸਾ ਲੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੁਪਰ ਲੀਗ ਦੌਰਾਨ ਪਦਮ ਕੌਰ ਸਿੰਘ ਅਤੇ ਪਦਮ ਸੁਨੀਤਾ ਰਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 20 ਜਨਵਰੀ 2023 ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਅਤੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਸਰਗਰਮ ਯਤਨ ਕੀਤੇ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਵੀ ਵਧ ਚੜ੍ਹ ਕੇ ਇਨ੍ਹਾਂ ਸੁਨਹਿਰੀ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹੈਲਪ ਲਾਈਨ ਨੰਬਰ 91155-00102 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।