ਅੰਮ੍ਰਿਤਸਰ, 16 ਮਾਰਚ 2023: ਇੱਕ ਪਾਸੇ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਚੱਲ ਰਿਹਾ ਹੈ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਗੋਲਡਨ ਗੇਟ ‘ਤੇ ਕੌਮ ਇਨਸਾਫ਼ ਮੋਰਚਾ (Quami Insaf Morcha) ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ |
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨ ਕਰ ਰਹੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਪਾ ਰਹੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਮੇਂ-ਸਮੇਂ ‘ਤੇ ਉਨ੍ਹਾਂ ਵੱਲੋਂ ਪੰਜਾਬ ਦੇ ਗਵਰਨਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਨੂੰ ਵੀ ਪੱਤਰ ਲਿਖੇ ਜਾ ਚੁੱਕੇ ਹਨ |
ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਵੀ ਮੋਰਚਾ ਖੋਲ੍ਹਿਆ ਹੋਇਆ ਹੈ ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਜੀ-20 ਸੰਮੇਲਨ ਹੋ ਰਿਹਾ ਹੈ | ਜਿਸ ਵਿੱਚ ਵੱਖ ਵੱਖ ਦੇਸ਼ਾਂ ਦੇ ਡੈਲੀਗੇਟ ਵੀ ਪਹੁੰਚੇ ਹੋਏ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉਨ੍ਹਾਂ ਤੱਕ ਬਚਾਉਣ ਲਈ ਅੰਮ੍ਰਿਤਸਰ ਗੋਲਡਨ ਗੇਟ ‘ਤੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਤਾਂ ਜੋ ਕਿ ਉਹਨਾਂ ਦੀ ਆਵਾਜ਼ ਸੰਮੇਲਨ ਦੇ ਡੈਲੀਗੇਟਸ ਤੱਕ ਪਹੁੰਚ ਸਕੇ |
ਇਸ ਦੇ ਨਾਲ ਹੀ ਕੌਮ ਇਨਸਾਫ਼ ਮੋਰਚੇ (Quami Insaf Morcha) ਵੱਲੋਂ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੂੰ ਵੀ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜ ਅੰਬੈਸੀਆਂ ਨੂੰ ਮੰਗ ਪੱਤਰ ਕਰ ਦਿੱਤੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਸ ਜੀ-20 ਸੰਮੇਲਨ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾਵੇਗੀ | ਦੂਜੇ ਪਾਸੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਜੋ ਸਿੱਖ ਜਥੇਬੰਦੀਆਂ ਵੱਲੋਂ ਮੰਗ-ਪੱਤਰ ਜੀ-20 ਸੰਮੇਲਨ ਦੇ ਨਾਂ ‘ਤੇ ਦਿੱਤਾ ਗਿਆ ਹੈ ਉਹ ਮੰਗ ਪੱਤਰ ਉਨ੍ਹਾਂ ਤੱਕ ਜ਼ਰੂਰ ਪਹੁੰਚਾ ਦਿੱਤਾ ਜਾਵੇਗਾ |