ਨਿਊਜ਼ੀਲੈਂਡ ਨੇ ਦੋ ਬੱਚਿਆਂ ਤੋਂ ਕਰਵਾਇਆ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਐਲਾਨ

New Zealand

ਚੰਡੀਗੜ੍ਹ, 29 ਅਪ੍ਰੈਲ 2024: ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਲਈ ਨਿਊਜ਼ੀਲੈਂਡ (New Zealand) ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸੋਮਵਾਰ ਨੂੰ ਦੋ ਬੱਚਿਆਂ ਵਾਲੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ । ਬੋਰਡ ਨੇ ਇਸ ਦਾ ਇੱਕ ਵੀਡੀਓ ਟਵੀਟ ਕੀਤਾ ਹੈ। ਬੱਚਿਆਂ ਵਿਚ ਲੜਕੀ ਦਾ ਨਾਂ ਮਟਿਲਡਾ ਅਤੇ ਲੜਕੇ ਦਾ ਨਾਂ ਐਂਗਸ ਹੈ।

ਇਸ ਤੋਂ ਪਹਿਲਾਂ ਵਨਡੇ ਵਿਸ਼ਵ ਕੱਪ 2023 ਲਈ ਨਿਊਜ਼ੀਲੈਂਡ (New Zealand) ਦੀ ਟੀਮ ਦਾ ਐਲਾਨ ਵੀ ਵੱਖਰੇ ਢੰਗ ਨਾਲ ਕੀਤਾ ਗਿਆ ਸੀ। ਉਸ ਸਮੇਂ ਖਿਡਾਰੀਆਂ ਦੇ ਪਰਿਵਾਰਾਂ ਰਾਹੀਂ ਟੀਮ ਦਾ ਐਲਾਨ ਕੀਤਾ ਗਿਆ। ਬੋਰਡ ਨੇ ਉਸੇ ਦਿਨ ਟੂਰਨਾਮੈਂਟ ਲਈ ਟੀਮ ਕਿੱਟ ਵੀ ਲਾਂਚ ਕੀਤੀ।

ਸਟਾਰ ਖਿਡਾਰੀ ਕੇਨ ਵਿਲੀਅਮਸਨ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਮਿਲੀ ਹੈ। ਵਨਡੇ ਵਿਸ਼ਵ ਕੱਪ 2023 ‘ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਰਚਿਨ ਰਵਿੰਦਰਾ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਰਚਿਨ ਅਤੇ ਮੈਟ ਹੈਨਰੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ‘ਚ ਖੇਡਣਗੇ। ਬੈਨ ਸੀਅਰਜ਼ ਨੂੰ 16ਵੇਂ ਰਿਜ਼ਰਵ ਖਿਡਾਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਟੂਰਨਾਮੈਂਟ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ।

ਆਈਸੀਸੀ ਟੀ-20 ਵਿਸ਼ਵ ਕੱਪ 2024 ਲਈ ਨਿਊਜ਼ੀਲੈਂਡ ਦੀ ਟੀਮ

ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੈਲ, ਮਾਰਕ ਚੈਪਮੈਨ, ਡੇਵੋਨ ਕੋਨਵੇ, ਲਾਕੀ ਫਰਗੂਸਨ, ਮੈਟ ਹੈਨਰੀ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਈਸ਼ ਸੋਢੀ ਅਤੇ ਟਿਮ ਸਾਊਥੀ।

Leave a Reply

Your email address will not be published. Required fields are marked *