ਫਤਿਹਗੜ੍ਹ ਸਾਹਿਬ, 10 ਮਾਰਚ 2023: ਪਿੰਡ ਤਰਖਾਣ ਮਾਜਰਾ ਦੇ ਗੁਰਮੀਤ ਸਿੰਘ ਨੂੰ ਸਰਹਿੰਦ ਪੁਲਿਸ ਥਾਣਾ (Sirhind police station) ਨਜ਼ਦੀਕ ਲੁਟੇਰੇ ਵਿਅਕਤੀ ਨੂੰ ਜ਼ਖ਼ਮੀ ਕਰ ਕੇ ਉਸਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੀੜਤ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਉਹ ਟਰੱਕ ਬਾਡੀਆਂ ਦਾ ਕੰਮ ਕਰਦਾ ਹੈ, ਕੰਮ ਕਰਨ ਤੋਂ ਬਾਅਦ ਬੀਤੀ ਸ਼ਾਮ ਨੂੰ ਕਰੀਬ ਰਾਤ 8 ਵਜੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ, ਜਦੋਂ ਸਰਹਿੰਦ ਥਾਣੇ ਨਜ਼ਦੀਕ ਪਹੁੰਚਿਆ ਤਾਂ ਇਕ ਵਿਅਕਤੀ ਨੇ ਉਸ ਨੂੰ ਮੋਟਰਸਾਈਕਲ ਰੋਕਣ ਦਾ ਇਸ਼ਾਰਾ ਕੀਤਾ, ਜਦੋਂ ਉਸ ਨੇ ਮੋਟਰਸਾਈਕਲ ਰੋਕਿਆ ਤਾਂ ਉਥੇ ਮੌਜੂਦ ਤਿੰਨ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਅਣਪਛਾਤੇ ਲੁਟੇਰੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਦੇਖਦੇ ਹੋਏ, ਸਰਕਾਰੀ ਹਸਪਤਾਲ ਰਾਜਿੰਦਰਾ ਪਟਿਆਲਾ ਲਈ ਰੈਫਰ ਕਰ ਦਿੱਤਾ। ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਨਵਾਂ ਮੋਟਰਸਾਈਕਲ ਜੋ ਵਾਰ-ਵਾਰ ਖ਼ਰਾਬ ਹੋ ਰਿਹਾ ਸੀ, ਜਿਸ ਨੂੰ ਠੀਕ ਕਰਵਾਉਣ ਦੇ ਲਈ ਮੋਟਰਸਾਈਕਲ ਏਜੰਸੀ ਵਿਚ ਖੜ੍ਹਾ ਕੀਤਾ ਸੀ ਅਤੇ ਮੋਟਰਸਾਈਕਲ ਏਜੰਸੀ ਵਾਲਿਆਂ ਨੇ ਉਸ ਨੂੰ ਹੋਰ ਪੁਰਾਣਾ ਮੋਟਰਸਾਈਕਲ ਦੋ ਦਿਨ ਲਈ ਚਲਾਉਣ ਲਈ ਦਿੱਤਾ ਸੀ, ਜਿਹੜਾ ਕਿ ਲੁਟੇਰੇ ਖੋਹ ਕੇ ਲੈ ਗਏ। ਮਾਮਲੇ ਦੀ ਸੂਚਨਾ ਥਾਣਾ ਸਰਹਿੰਦ ਪੁਲਿਸ ਨੂੰ ਦੇ ਦਿੱਤੀ ਗਈ ਹੈ।