GMADA

ਮਾਨ ਸਰਕਾਰ ਨੇ ਪਿਛਲੇ 11 ਮਹੀਨਿਆਂ ਦੌਰਾਨ 57829 ਉਸਾਰੀ ਕਿਰਤੀਆਂ ਨੂੰ 77.65 ਕਰੋੜ ਰੁਪਏ ਜਾਰੀ ਕੀਤੇ: ਅਨਮੋਲ ਗਗਨ ਮਾਨ

ਚੰਡੀਗੜ੍, 27 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਕਿਰਤ, ਸਿਕਾਇਤ ਨਿਵਾਰਣ, ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਿਛਲੇ 11 ਮਹੀਨਿਆਂ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਰਾਹੀਂ ਵੱਖ-ਵੱਖ ਕਿਰਤ ਭਲਾਈ ਸਕੀਮਾਂ ਤਹਿਤ ਰਜਿਸਟਰਡ 57,829 ਉਸਾਰੀ ਕਿਰਤੀਆਂ ਨੂੰ ਵੱਖ ਵੱਖ ਉਸਾਰੀ ਕਿਰਤੀ ਭਲਾਈ ਸਕੀਮਾਂ ਅਧੀਨ 77.65 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਗੈਰ-ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤਾਂ 9192 ਰੁਪਏ ਤੋਂ ਵਧਾ ਕੇ 9907 ਰੁਪਏ ਕੀਤੀਆਂ ਗਈਆਂ ਹਨ, ਜਦਕਿ ਅਰਧ ਹੁਨਰਮੰਦਾਂ ਦੀ ਘੱਟੋ-ਘੱਟ ਉਜਰਤਾਂ 9972 ਰੁਪਏ ਤੋਂ ਵਧਾ ਕੇ 10687 ਰੁਪਏ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੁਨਰਮੰਦ ਕਾਮਿਆਂ ਦੀ ਉਜਰਤਾਂ 10869 ਰੁਪਏ ਤੋਂ ਵਧਾ ਕੇ 11584 ਰੁਪਏ ਅਤੇ ਉੱਚ ਹੁਨਰਮੰਦ ਕਾਮਿਆਂ ਦੀ ਉਜਰਤਾਂ 11901 ਰੁਪਏ ਤੋਂ ਵਧਾ ਕੇ 12616 ਰੁਪਏ ਕੀਤੀਆਂ ਜਾ ਚੁੱਕੀਆਂ ਹਨ।

ਅਨਮੋਲ ਗਗਨ ਮਾਨ (Anmol Gagan Mann) ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਸੁਵਿਧਾ ਲਈ ਮੋਬਾਇਲ ਐਪ “ਪੰਜਾਬ ਕਿਰਤੀ ਸਹਾਇਕ“ ਲਾਂਚ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਸ ਮੋਬਾਇਲ ਐਪ ਨਾਲ ਉਸਾਰੀ ਕਿਰਤੀ ਆਪਣੇ ਮੋਬਾਇਲ ਤੋਂ ਖੁੱਦ ਹੀ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰਸ਼ਨ ਕਰ ਸਕਦਾ ਹੈ, ਜਿਸ ਨਾਲ ਉਸ ਨੂੰ ਆਪਣੀ ਦਿਹਾੜੀ ਦਾ ਨੁਕਸਾਨ ਕਰਕੇ ਸੁਵਿਧਾ ਕੇਂਦਰਾ ਵਿੱਚ ਜਾ ਕੇ ਰਜਿਸਟਰ ਕਰਵਾਉਣ ਦੀ ਲੋੜ ਨਹੀਂ ਪਵੇਗੀ । ਮੰਤਰੀ ਨੇ ਉਸਾਰੀ ਕਿਰਤੀਆਂ ਨੁੰ ਅਪੀਲ ਕੀਤੀ ਕਿ ਉਹ “ਪੰਜਾਬ ਕਿਰਤੀ ਸਹਾਇਕ“ ਰਾਹੀਂ ਖੁਦ ਨੂੰ ਰਜਿਸਟਰ ਕਰਨ ਅਤੇ ਸੂਬਾ ਸਰਕਾਰ ਦੀਆਂ ਉਸਾਰੀ ਕਿਰਤੀ ਭਲਾਈ ਸਕੀਮਾਂ ਦੇ ਲਾਭਪਾਰਤੀ ਬਣਨ।

Scroll to Top