ਲੋਕ ਸਭਾ ਚੋਣਾਂ 2024: ਚੰਡੀਗੜ੍ਹ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਬਣਾਈ ਸਾਂਝੀ ਰਣਨੀਤੀ

Chandigarh

ਚੰਡੀਗੜ੍ਹ, 24 ਅਪ੍ਰੈਲ ,2024: ਇੰਡੀਆ ਗਠਜੋੜ ਦੇ ਦੋ ਮੁੱਖ ਭਾਈਵਾਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ (Chandigarh) ਲੋਕ ਸਭਾ ਸੀਟ ਲਈ ਸਾਂਝੀ ਰਣਨੀਤੀ ਬਣਾਈ ਹੈ । ਇੱਥੇ ਹੋਈ ਇੰਡੀਆ ਗਠਜੋੜ ਦੇ ਭਾਈਵਾਲਾਂ ਦੀ ਇੱਕ ਰਣਨੀਤਿਕ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ, ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ, ਚੰਡੀਗੜ੍ਹ ਤੋਂ ਆਪ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ, ਚੰਡੀਗੜ੍ਹ ਆਪ ਦੇ ਪ੍ਰਧਾਨ ਸੰਨੀ ਆਹਲੂਵਾਲੀਆ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ, ਆਪ ਆਗੂ ਚੰਦਰਮੁਖੀ ਸ਼ਰਮਾ ਸਮੇਤ ਚੋਣ ਲੜ ਚੁੱਕੇ ਕਾਂਗਰਸ ਤੇ ਆਪ ਦੇ ਸਾਰੇ ਕੌਂਸਲਰ ਸ਼ਾਮਲ ਹੋਏ।

ਇਸ ਦੌਰਾਨ ਇੰਡੀਆ ਗਠਜੋੜ ਦੇ ਆਗੂਆਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਪੂਰੀ ਸਹਿਮਤੀ ਬਣੀ ਹੈ ਕਿ ਇਹ ਚੋਣਾਂ ਸਥਾਨਕ ਕਾਰਨਾਂ ਕਰਕੇ ਹੀ ਨਹੀਂ, ਸਗੋਂ ਕੌਮੀ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਹਰ ਵੋਟ ਅਤੇ ਹਰ ਸੀਟ ਮਾਇਨੇ ਰੱਖਦੀ ਹੈ। ਇਹੀ ਕਾਰਨ ਹੈ ਕਿ ਇੰਡੀਆ ਗਠਜੋੜ ਕੋਈ ਮੌਕਾ ਨਹੀਂ ਛੱਡ ਰਿਹਾ।

ਇਸ ਮੌਕੇ ‘ਤੇ ਬੋਲਦਿਆਂ ਦਿੱਲੀ ਦੇ ਵਿਧਾਇਕ ਅਤੇ ਚੰਡੀਗੜ੍ਹ (Chandigarh) ਦੇ ਆਪ ਇੰਚਾਰਜ ਜਰਨੈਲ ਸਿੰਘ ਨੇ ਮਨੀਸ਼ ਤਿਵਾੜੀ ਨੂੰ ਆਮ ਆਦਮੀ ਪਾਰਟੀ ਵਲੋਂ ਪੂਰੀ ਹਮਾਇਤ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਆਪ ਦਾ ਹਰ ਵਰਕਰ ਅਤੇ ਆਗੂ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਤਿਵਾੜੀ ਦੀ ਨਿੱਜੀ ਚੋਣ ਨਹੀਂ, ਸਗੋਂ ਗਠਜੋੜ ਦੀ ਸਾਂਝੀ ਚੋਣ ਹੈ।

ਜਿਸ ‘ਤੇ ਤਿਵਾੜੀ ਨੇ ਕਾਂਗਰਸ ਅਤੇ ਆਪ ਦੇ ਵਰਕਰਾਂ ਅਤੇ ਆਗੂਆਂ ਦਾ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਦੋਵਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਮਿਲ ਰਿਹਾ ਸਮਰਥਨ ਦੇਖ ਕੇ ਉਹ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਹਨ।

ਕਾਂਗਰਸੀ ਆਗੂ ਨੇ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦਰਮਿਆਨ ਆਪਸੀ ਸਮਝਦਾਰੀ ਦੀ ਸ਼ਲਾਘਾ ਕੀਤੀ, ਜੋ ਚੋਣਾਂ ਵਿੱਚ ਇੰਡੀਆ ਗਠਜੋੜ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਇਹ ਚੋਣਾਂ ਸਿਰਫ਼ ਦੋ ਪਾਰਟੀਆਂ ਜਾਂ ਉਨ੍ਹਾਂ ਦੇ ਆਗੂਆਂ ਲਈ ਹੀ ਨਹੀਂ, ਸਗੋਂ ਦੇਸ਼ ਭਰ ਦੇ ਆਮ ਲੋਕਾਂ ਲਈ ਵੀ ਕਿੰਨੀਆਂ ਅਹਿਮ ਹੋਣ ਵਾਲੀਆਂ ਹਨ।

Leave a Reply

Your email address will not be published. Required fields are marked *