ਚੰਡੀਗੜ੍ਹ, 17 ਫਰਵਰੀ 2023: ਰੂਪਨਗਰ (Rupnagar) ਵਿੱਚ ਭਾਰਤੀ ਕਿਸਾਨ ਯੂਨੀਅਨ ਚਢੂਨੀ (ਪੰਜਾਬ) ਵੱਲੋਂ ਡੀਸੀ ਰੂਪਨਗਰ ਨੂੰ ਇੱਕ ਮੰਗ ਪੱਤਰ ਸੌਂਪਿਆ | ਇਸ ਮੌਕੇ ਗੱਲਬਾਤ ਦੌਰਾਨ ਦਿਲਬਾਗ ਸਿੰਘ ਗਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚਢੂਨੀ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਡੀਸੀ ਰੂਪਨਗਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਇਹ ਮੰਗ ਕੀਤੀ ਗਈ ਹੈ ਕਿ ਖ਼ਾਲਸੇ ਦੇ ਆਉਣ ਵਾਲੇ ਪਵਿੱਤਰ ਤਿਉਹਾਰ ਹੋਲਾ-ਮਹੱਲਾ ਦੇ ਸੰਬੰਧ ਵਿੱਚ ਸਰਕਾਰ ਨੂੰ ਲਿਖਿਆ ਜਾਵੇ ਅਤੇ ਕਿਹਾ ਗਿਆ ਹੈ ਕਿ ਝੱਲੀਆਂ ਟੋਲ ਪਲਾਜ਼ਾ ਨੂੰ ਸੰਗਤ ਦੇ ਲਈ ਖੋਲ ਦਿੱਤਾ ਜਾਵੇ।
ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਹੋਲੇ-ਮਹੱਲੇ ਦੇ ਦਿਨਾਂ ਦੇ ਵਿਚ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਟੋਲ ਪਲਾਜਾ ਨੂੰ ਵੀ ਆਉਣ ਵਾਲੀ ਸੰਗਤ ਦੇ ਲਈ ਫ੍ਰੀ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਝੱਲੀਆਂ ਟੋਲ ਪਲਾਜ਼ਾ ਵੱਲੋਂ ਹੋਲਾ-ਮਹੱਲਾ ਦੇ ਪਵਿੱਤਰ ਤਿਉਹਾਰ ਦੇ ਦਿਨਾਂ ਦੇ ਵਿਚ ਵੀ ਖੁੱਲ੍ਹਾ ਰੱਖਿਆ ਜਾਂਦਾ ਹੈ। ਇਸ ਮੌਕੇ ਉੱਤੇ ਗਿੱਲ ਨੇ ਕੇਂਦਰ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਵਿੱਚ ਪ੍ਰੀ-ਪੇਡ ਮੀਟਰ ਲਗਾਉਣ ਵਾਲੇ ਫੈਸਲੇ ‘ਤੇ ਕਿਹਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕਰਦੀ ਹੈ ਅਤੇ ਉਹਨਾਂ ਦੀ ਯੂਨੀਅਨ ਇਸ ਫੈਸਲੇ ਦਾ ਵਿਰੋਧ ਕਰਦੀ ਹੈ।
ਮੁਹਾਲੀ-ਚੰਡੀਗੜ੍ਹ ਬਾਰਡਰ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਹੇ ਮੋਰਚੇ ਉੱਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਯੂਨੀਅਨ ਬੰਦੀ ਸਿੰਘਾਂ ਦੇ ਲਈ ਲਗਾਏ ਹੋਏ ਮੋਰਚੇ ਦੇ ਨਾਲ ਹੈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਬਲਾਤਕਾਰ ਦੀ ਸਜ਼ਾ ਭੁਗਤ ਰਹੇ ਬਾਬੇ ਨੂੰ ਹਮੇਸ਼ਾ ਪੈਰੋਲ ਦਿੰਦੀ ਹੈ ਪਰੰਤੂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹਾਲੇ ਤੱਕ ਨਹੀਂ ਹੋਈ ਹੈ |