ਚੰਡੀਗੜ੍ਹ 30 ਜਨਵਰੀ 2022: ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸੂਬਿਆਂ ‘ਚ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਸਾਰੀਆਂ ਸਿਆਸੀ ਪਾਰਟੀਆਂ ਵਲੋਂ ਵਰਚੁਅਲ ਰੈਲੀਆਂ (virtual rallies) ਕੀਤੀਆਂ ਜਾ ਰਹੀਆਂ ਹਨ| ਉੱਥੇ ਹੀ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਚੁਣਾਵੀ ਹਵਾ ਦਾ ਅੰਦਾਜ਼ਾ ਲਗਾਉਣ ਲਈ ਇਨ੍ਹੀਂ ਦਿਨੀਂ ਓਪੀਨੀਅਨ ਪੋਲ (Opinion Poll) ਜਾਰੀ ਕੀਤੇ ਜਾ ਰਹੇ ਹਨ। ਇਸਦੇ ਚੱਲਦੇ ਕੇਂਦਰੀ ਚੋਣ ਕਮਿਸ਼ਨ (Election Commission) ਨੇ ਆਪਣੇ ਇੱਕ ਹੁਕਮ ‘ਚ ਇੱਕ ਵਾਰ ਫਿਰ ਸਪੱਸ਼ਟ ਕਿਹਾ ਹੈ ਕਿ 10 ਫਰਵਰੀ ਨੂੰ ਸਵੇਰੇ 7 ਵਜੇ ਤੋਂ 7 ਮਾਰਚ ਸ਼ਾਮ 6:30 ਵਜੇ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ‘ਤੇ ਪਾਬੰਦੀ ਰਹੇਗੀ। ਪੰਜ ਰਾਜਾਂ- ਉੱਤਰ ਪ੍ਰਦੇਸ਼, ਪੰਜਾਬ, ਗੋਆ, ਉੱਤਰਾਖੰਡ ਤੇ ਮਨੀਪੁਰ ਲਈ ਐਗਜ਼ਿਟ ਪੋਲ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਦਸਿਆ ਜਾ ਰਿਹਾ ਹੈ ਕਿ 10 ਫਰਵਰੀ ਨੂੰ ਸਵੇਰੇ 7.00 ਵਜੇ ਤੋਂ 7 ਮਾਰਚ ਨੂੰ ਸ਼ਾਮ 6.30 ਵਜੇ ਤੱਕ ਐਗਜ਼ਿਟ ਪੋਲ ਕਰਾਉਣ, ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਵਿੱਚ ਇਸ ਦੇ ਪ੍ਰਕਾਸ਼ਨ ਜਾਂ ਇਸ ਦੇ ਪ੍ਰਚਾਰ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਚੋਣਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ ਤੱਕ ਓਪੀਨੀਅਨ ਪੋਲ ‘ਤੇ ਪਾਬੰਦੀ ਰਹੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੋ ਸਾਲ ਦੀ ਕੈਦ ਜਾਂ ਜੁਰਮਾਨੇ ਜਾਂ ਦੋਵਾਂ ਨਾਲ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ (Election Commission) ਨੇ ਸੂਬਿਆਂ ‘ਚ ਫਿਜ਼ੀਕਲ ਰੈਲੀਆਂ ਅਤੇ ਰੋਡ ਸ਼ੋਅ ‘ਤੇ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਸੀ। ਉੱਤਰ ਪ੍ਰਦੇਸ਼ ‘ਚ 403 ਵਿਧਾਨ ਸਭਾ ਸੀਟਾਂ ਲਈ ਸੱਤ ਪੜਾਵਾਂ ‘ਚ ਵੋਟਿੰਗ ਹੋਵੇਗੀ।
ਉੱਤਰਾਖੰਡ ਦੀਆਂ 70 ਸੀਟਾਂ ਤੇ ਗੋਆ ਦੀਆਂ 40 ਸੀਟਾਂ ਲਈ 14 ਫਰਵਰੀ ਨੂੰ ਇੱਕੋ ਪੜਾਅ ‘ਚ ਵੋਟਾਂ ਪੈਣੀਆਂ ਹਨ, ਜਦਕਿ 117 ਮੈਂਬਰੀ ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। 60 ਮੈਂਬਰੀ ਮਣੀਪੁਰ ਵਿਧਾਨ ਸਭਾ ਲਈ ਦੋ ਪੜਾਵਾਂ ਵਿੱਚ 27 ਫਰਵਰੀ ਤੇ 3 ਮਾਰਚ ਨੂੰ ਵੋਟਾਂ ਪੈਣਗੀਆਂ। ਜਦਕਿ ਯੂਪੀ ਲਈ 7 ਪੜਾਵਾਂ ‘ਚ ਵੋਟਾਂ ਪੈਣਗੀਆਂ।