ਅੰਮ੍ਰਿਤਸਰ, 24 ਜਨਵਰੀ 2023: ਅੰਮ੍ਰਿਤਸਰ ਦੇ ਪਿੰਡ ਘਰਿੰਡਾ ਦੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਰਾਤ ਨੂੰ ਚੱਲ ਰਹੇ ਡੀਜੇ ‘ਤੇ ਭੰਗੜਾ ਪਾਉਣ ਲਈ ਰਿਸ਼ਤੇਦਾਰ ਆਪਸ ਵਿੱਚ ਹੀ ਭਿੜ ਗਏ, ਅਤੇ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਰਾਇਣ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਵਿਆਹ ਸੀ ਅਤੇ ਉਹ ਹਮੇਸ਼ਾ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਮਿਲਦੇ ਵਰਤਦੇ ਸਨ ਅਤੇ ਵਿਆਹ ਵਾਲੇ ਦਿਨ ਉਨ੍ਹਾਂ ਦੇ ਕਾਫੀ ਰਿਸ਼ਤੇਦਾਰ ਆਏ ਸਨ |
ਇਸ ਦੌਰਾਨ ਰਾਤ ਸਮੇਂ ਡੀਜੇ ‘ਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ ਵਿੱਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋ ਗਿਆ | ਨਾਰਾਇਣ ਸਿੰਘ ਨੇ ਦੱਸਿਆ ਕਿ ਜਿਸ ਘਰ ਵਿਚ ਵਿਆਹ ਸੀ | ਉਹਨਾਂ ਦੇ ਚਾਚਾ ਨੇ ਉਹਨਾਂ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ | ਜਿਸ ਤੋਂ ਬਾਅਦ ਉਨ੍ਹਾਂ ਨੇ ਸਾਡੇ ਘਰ ਆ ਕੇ ਪਥਰਾਅ ਵੀ ਕੀਤਾ ਅਤੇ ਗੋਲੀ ਵੀ ਚਲਾਈ ਬਾਅਦ ਵਿੱਚ ਖ਼ੁਦ ਨੂੰ ਸੱਟ ਲਗਾ ਕੇ ਖ਼ੁਦ ਜ਼ਖਮੀ ਹੋ ਕੇ ਪੁਲਿਸ ਨੂੰ ਦਰਖਾਸਤ ਦੇ ਕੇ ਸਾਡੇ ‘ਤੇ ਹੀ ਮਾਮਲਾ ਦਰਜ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਹੁਣ ਨਰਾਇਣ ਸਿੰਘ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ |
ਦੂਜੇ ਪਾਸੇ ਜਿਸ ਘਰ ਵਿੱਚ ਵਿਆਹ ਸੀ ਅਤੇ ਉਸ ਵਿਆਹ ਵਾਲੇ ਲੜਕੇ ਦੇ ਭਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦਾ ਡੀਜੇ ‘ਤੇ ਭੰਗੜਾ ਪਾਉਣ ਨੂੰ ਲੈ ਕੇ ਝਗੜਾ ਹੋਇਆ ਅਤੇ ਸਾਡੇ ਰਿਸ਼ਤੇਦਾਰ ਤੇ ਚਾਚੇ ਨੇ ਗੋਲੀ ਚਲਾਈ ਅਤੇ ਸਾਡੇ ਗੁਆਂਢੀ ਨਰਾਇਣ ਸਿੰਘ ਦੇ ਘਰ ਪਥਰਾਵ ਕੀਤਾ |
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਵੇ ਕਿਉਂਕਿ ਸਾਡੇ ਪਿੰਡ ਵਿੱਚ ਪਹਿਲੀ ਵਾਰ ਗੋਲੀ ਚੱਲੀ ਹੈ ਅਤੇ ਗੋਲੀ ਚੱਲਣ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਉਹਨਾਂ ਕਿਹਾ ਕਿ ਅਸੀਂ ਆਪਣੇ ਗੁਆਂਢੀ ਨਰਾਇਣ ਸਿੰਘ ਨੂੰ ਹਮੇਸ਼ਾ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਮਿਲਦੇ ਵਰਤਦੇ ਆਏ ਹਾਂ ਪਰ ਸਾਡੇ ਰਿਸ਼ਤੇਦਾਰਾਂ ਨੇ ਲੜਾਈ ਕਰਕੇ ਬਹੁਤ ਗਲਤ ਕੀਤਾ ਹੈ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ |
ਦੂਜੇ ਪਾਸੇ ਇਸ ਮਾਮਲੇ ਵਿਚ ਥਾਣਾ ਘਰਿੰਡਾ ਦੀ ਪੁਲਿਸ ਅਧਿਕਾਰੀ ਕਰਮਪਾਲ ਸਿੰਘ ਨੇ ਕਿਹਾ ਕਿ ਵਿਆਹ ਸਮਾਗਮ ਦੌਰਾਨ ਚੱਲਦੇ ਡੀਜੇ ‘ਤੇ ਭੰਗੜਾ ਪਾਉਣ ਨੂੰ ਲੈ ਕੇ ਆਪਸ ਵਿਚ ਹੀ ਰਿਸ਼ਤੇਦਾਰਾਂ ਦਾ ਝਗੜਾ ਹੋਇਆ ਹੈ ਅਤੇ ਦੋਵੇਂ ਧਿਰਾਂ ਦੀ ਦਰਖ਼ਾਸਤ ਉਨ੍ਹਾਂ ਕੋਲ ਆਈ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ |