ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ ਦੋ ਦਿਨਾਂ ਸਮਾਗਮ ਦੇ ਨਾਲ “ਵਿਸ਼ਵ ਥੈਲੇਸੀਮੀਆ ਦਿਹਾੜਾ 2024” ਮਨਾਇਆ

ਵਿਸ਼ਵ ਥੈਲੇਸੀਮੀਆ ਦਿਹਾੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਮਈ 2024: ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ 7 ਤੋਂ 8 ਮਈ 2024 ਤੱਕ, ਦੋ ਦਿਨਾਂ ਸਮਾਗਮ ਦੇ ਨਾਲ “ਵਿਸ਼ਵ ਥੈਲੇਸੀਮੀਆ ਦਿਹਾੜਾ 2024” ਮਨਾਇਆ। ਇਸ ਸਾਲ ਦਾ ਵਿਸ਼ਾ “ਜੀਵਨਾਂ ਨੂੰ ਸਸ਼ਕਤ ਬਣਾਉਣਾ, ਤਰੱਕੀ ਨੂੰ ਗਲੇ ਲਗਾਉਣਾ: ਸਾਰਿਆਂ ਲਈ ਬਰਾਬਰੀ ਅਤੇ ਪਹੁੰਚਯੋਗ ਥੈਲੇਸੀਮੀਆ ਇਲਾਜ” ਸੀ।

ਥੈਲੇਸੀਮੀਆ ਯੋਧਾ ਅਤੇ ਸਮਾਜਿਕ ਕਾਰਕੁਨ ਅਲਕਾ ਚੌਧਰੀ, ਨੇ ਥੈਲੇਸੀਮੀਆ ਨਾਲ ਆਪਣੀ ਯਾਤਰਾ ਨੂੰ ਸਾਂਝਾ ਕੀਤਾ ਜੋ ਲਚਕੀਲੇਪਣ, ਹਿੰਮਤ ਅਤੇ ਉਮੀਦ ਦੀ ਇੱਕ ਕਿਰਨ ਰਹੀ। ਰੋਜ਼ਾਨਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਮੁਸਕਰਾਹਟ ਅਤੇ ਦ੍ਰਿੜ ਇਰਾਦੇ ਨਾਲ ਸਾਰੀਆਂ ਦੁਸ਼ਵਾਰੀਆਂ ਤੇ ਕਾਬੂ ਪਾ ਜ਼ਿੰਦਗੀ ਹੌਂਸਲੇ ਨਾਲ ਜਿਊਣ ਤੱਕ ਪਹੁੰਚੀ। ਆਪਣੇ ਮਿਸਾਲੀ ਅਨੁਭਵ ਦੁਆਰਾ, ਅਲਕਾ ਨੇ ਥੈਲੇਸੀਮੀਆ ਨਾਲ ਜੀਅ ਰਹੇ ਲੋਕਾਂ ਲਈ ਵਧੇਰੇ ਜਾਗਰੂਕਤਾ, ਸਹਾਇਤਾ ਅਤੇ ਸਮਝ ਦੀ ਵਕਾਲਤ ਕੀਤੀ।

ਡਾ ਰੀਨਾ ਦਾਸ, ਪ੍ਰੋਫੈਸਰ ਅਤੇ ਮੁਖੀ, ਹੇਮਾਟੋਲੋਜੀ ਵਿਭਾਗ, ਪੀ ਜੀ ਆਈ ਐਮ ਈ ਆਰ ਨੇ ਐਮਬੀਬੀਐਸ ਦੇ ਵਿਦਿਆਰਥੀਆਂ ਲਈ ਮਹਿਮਾਨ ਲੈਕਚਰ ਚ ਹਿੱਸਾ ਲੈਂਦਿਆਂ ਜੈਨੇਟਿਕ ਸਕ੍ਰੀਨਿੰਗ ਅਤੇ ਜਨਮ ਤੋਂ ਪਹਿਲਾਂ ਦੀ ਸਲਾਹ ਦੁਆਰਾ ਬਿਮਾਰੀ ਦੀ ਰੋਕਥਾਮ ‘ਤੇ ਜ਼ੋਰ ਦਿੱਤਾ, ਕਿਉਂਕਿ ਬਾਅਦ ਵਿੱਚ ਥੈਲੇਸੀਮੀਆ ਦਾ ਇਲਾਜ ਬਹੁਤ ਮਹਿੰਗਾ ਹੋ ਸਕਦਾ ਹੈ ਅਤੇ ਸਟੈਮ ਸੈੱਲ ਟ੍ਰਾਂਸਪਲਾਂਟ ਦਾ ਖ਼ਰਚਾ ਵੀ ਸ਼ਾਮਲ ਹੋ ਸਕਦਾ ਹੈ। ਇਸ ਲਈ, ਸਥਾਨਕ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਮਹੱਤਵਪੂਰਨ ਹੈ।

ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਅਤੇ ਸਮਰਪਿਤ ਨਿਯਮਤ ਖੂਨਦਾਨੀ, ਡਾ. ਭਵਨੀਤ ਭਾਰਤੀ, ਨੇ ਬਿਮਾਰੀ ਦਾ ਜਲਦੀ ਪਤਾ ਲਗਾਉਣ, ਸਿਹਤ ਸੰਭਾਲ ਵਿੱਚ ਨਿਰਪੱਖਤਾ ਅਤੇ ਸ਼ਮੂਲੀਅਤ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਥੈਲੇਸੀਮੀਆ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਸ਼ਕਤੀਕਰਨ ਅਤੇ ਇਲਾਜ ਦੇ ਵਿਕਲਪਾਂ ਵਿੱਚ ਤਰੱਕੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਡਾ. ਰਾਸ਼ੀ ਗਰਗ, ਪ੍ਰੋਫੈਸਰ, ਪੈਥੋਲੋਜੀ ਵਿਭਾਗ, ਏ ਆਈ ਐਮ ਐਸ ਨੇ ਦੱਸਿਆ ਕਿ ਪੰਜਾਬ ਵਿੱਚ ਬੀਟਾ ਥੈਲੇਸੀਮੀਆ (3.96%) ਦੇ ਲਗਭਗ 1.5 ਮਿਲੀਅਨ ਕੈਰੀਅਰ ਹਨ ਅਤੇ ਬੀਟਾ ਥੈਲੇਸੀਮੀਆ ਤੋਂ ਪੀੜਤ ਅੰਦਾਜ਼ਨ 4700 ਮਰੀਜ਼ ਹਨ।

ਡਾ. ਤਨੁਪ੍ਰਿਆ ਬਿੰਦਲ, ਅਸਿਸਟੈਂਟ ਪ੍ਰੋਫੈਸਰ, ਪੈਥੋਲੋਜੀ ਵਿਭਾਗ ਨੇ ਥੈਲੇਸੀਮੀਆ ਮੇਜਰ ਮਰੀਜ਼ਾਂ ਨੂੰ ਲਗਾਤਾਰ ਖੂਨ ਚੜ੍ਹਾਉਣ ਅਤੇ ਚੈਲੇਸ਼ਨ ਥੈਰੇਪੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਸਾਰੇ ਥੈਲੇਸੀਮਿਕਸ (ਪੀੜਤਾਂ) ਲਈ ਖੂਨ ਦੀ ਉਪਲਬਧਤਾ, ਕਿਫਾਇਤੀ ਅਤੇ ਪਹੁੰਚਯੋਗ ਇਲਾਜ ਨੂੰ ਯਕੀਨੀ ਬਣਾਉਣ ਦੇ ਮਹੱਤਵ ਤੇ ਚਾਨਣਾ ਪਾਇਆ।

Leave a Reply

Your email address will not be published. Required fields are marked *