DC ਆਸ਼ਿਕਾ ਜੈਨ ਵੱਲੋਂ ਖਰੜ ਮੰਡੀ ਦਾ ਦੌਰਾ, ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਲਿਆ ਜਾਇਜ਼ਾ

Kharar Mandi

ਖਰੜ (ਐਸ.ਏ.ਐਸ. ਨਗਰ), 24 ਅਪ੍ਰੈਲ, 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਖਰੜ ਮੰਡੀ (Kharar Mandi) ਦਾ ਦੌਰਾ ਕੀਤਾ ਅਤੇ ਚੱਲ ਰਹੇ ਕਣਕ ਦੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆੜ੍ਹਤੀਆਂ (ਕਮਿਸ਼ਨ ਏਜੰਟ) ਨੂੰ ਵਿਕੀ ਕਣਕ ਦੀ ਸਮਾਂਬੱਧ ਚੁਕਾਈ ਦਾ ਭਰੋਸਾ ਦਿੱਤਾ।

ਦਿਲਚਸਪ ਗੱਲ ਇਹ ਸੀ ਕਿ ਜੈਨ ਦੀ ਕਿਸਾਨਾਂ ਨਾਲ ਗੱਲਬਾਤ ਦੌਰਾਨ, ਕਿਸੇ ਨੇ ਵੀ ਖਰੀਦ ਚ ਦੇਰੀ ਦੀ ਸ਼ਿਕਾਇਤ ਨਹੀਂ ਕੀਤੀ, ਸਗੋਂ ਕਿਹਾ ਕਿ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਅਤੇ ਸਮੇਂ ਸਿਰ ਅਦਾਇਗੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਹਾਸਲ ਕਰਨ ਵਿੱਚ ਕੋਈ ਦਿੱਕਤ ਨਹੀਂ ਆ ਰਹੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੜ ਮੰਡੀ ਵਿੱਚ ਥਾਂ ਦੀ ਕਿੱਲਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀ ਬੋਰਡ ਕੋਲ ਵੀ ਮੰਡੀ ਦਾ ਫੜ੍ਹ ਵਧਾਉਣ ਲਈ ਮੁੱਦਾ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਦੇ ਮੁੱਦੇ, ਜੇਕਰ ਕੋਈ ਹੈ, ਨੂੰ ਹੱਲ ਕਰਨ ਲਈ ਨਿਯਮਤ ਤੌਰ ‘ਤੇ ਖਰੀਦ ਸਮੀਖਿਆ ਮੀਟਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਨੂੰ ਵਾਧੂ ਆਵਾਜਾਈ ਵਿਧੀ ਨਾਲ ਲਿਫਟਿੰਗ ਵਿੱਚ ਤੇਜ਼ੀ ਲਿਆ ਕੇ ਮੰਡੀ (Kharar Mandi) ‘ਚ ਪਿਆ ਵਿਕਿਆ ਮਾਲ ਚੁੱਕੇ ਜਾਣ ਤੱਕ ਇੱਥੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਲਿਫਟਿੰਗ ਤੁਰੰਤ ਨਾ ਕਰਵਾਈ ਗਈ ਤਾਂ ਖਰੀਦੀ ਕਣਕ ਦੀਆਂ ਬੋਰੀਆਂ ਅਤੇ ਆਮਦ ਦੇ ਸੀਜ਼ਨ ਦੇ ਸਿਖਰ ਦੇ ਮੱਦੇਨਜ਼ਰ ਜਗ੍ਹਾ ਦੀ ਕਮੀ ਹੋ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਮਿੱਥੇ ਟੀਚੇ 1.32 ਲੱਖ ਮੀਟਰਿਕ ਟਨ ਦੇ ਮੁਕਾਬਲੇ ਹੁਣ ਤੱਕ 81987 ਮੀਟਰਿਕ ਟਨ ਦੀ ਆਮਦ ਦਰਜ ਕੀਤੀ ਗਈ ਹੈ। ਕਿਉਂਕਿ ਖਰੀਦ ਤੇਜ਼ੀ ਫੜ ਰਹੀ ਹੈ, ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਤਿੰਨ ਜਾਂ ਚਾਰ ਦਿਨਾਂ ਤੱਕ ਮਿੱਥੇ ਟੀਚੇ ਦਾ ਵੱਡਾ ਹਿੱਸਾ ਮੰਡੀਆਂ ਵਿੱਚ ਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 81085 ਮੀਟਰਿਕ ਟਨ ਦੀ ਖਰੀਦ ਦਰਜ ਕੀਤੀ ਗਈ ਹੈ। ਜਿਸ ਵਿੱਚੋਂ 29043 ਮੀਟਰਿਕ ਟਨ ਅਨਾਜ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ 156.46 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਖਰੜ ਮੰਡੀ ਵਿੱਚ ਕੁੱਲ ਆਮਦ 7818 ਮੀਟਰਿਕ ਟਨ ਦਰਜ ਕੀਤੀ ਗਈ ਹੈ, ਜਿਸ ਵਿੱਚੋਂ 7798 ਮੀਟਰਿਕ ਟਨ ਦੀ ਖਰੀਦ ਹੋ ਚੁੱਕੀ ਹੈ। ਅੱਜ ਤੱਕ 4271 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।
ਇਸ ਮੌਕੇ ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਆੜ੍ਹਤੀਏ ਅਤੇ ਕਿਸਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *