DC ਆਸ਼ਿਕਾ ਜੈਨ, ਖਰਚਾ ਨਿਗਰਾਨ ਸ਼ਿਲਪੀ ਸਿਨਹਾ ਤੇ ਐਸ.ਐਸ.ਪੀ. ਦੀ ਮੌਜੂਦਗੀ ‘ਚ ਮਤਦਾਨ ਨੂੰ ਦਰਸਾਉਦਾ ਕੰਧ ਚਿੱਤਰ ਲੋਕ ਅਰਪਣ

ਆਸ਼ਿਕਾ ਜੈਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਈ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮੌਸਮ ਦੇ ਬਦਲਦੇ ਮਿਜ਼ਾਜ਼ ਮੁਤਾਬਕ ਸਤਰੰਗੀ ਪੀਂਘ ਦੀ ਤਰ੍ਹਾਂ ਰੰਗੀਆਂ ਸਵੀਪ ਗਤੀਵਿਧੀਆਂ ਨਾਲ ਆਮ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ 80% ਤੋਂ ਵਧੇਰੇ ਵੋਟਾਂ ਦਾ ਭੁਗਤਾਨ ਕੀਤਾ ਜਾ ਸਕੇ।

ਇਸੇ ਲੜੀ ਤਹਿਤ ਰੰਗਾਂ ਦੇ ਜਾਦੂਗਰ ਰਾਸ਼ਟਰਪਤੀ ਐਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਦੁਆਰਾ ਤਿਆਰ ‘ਪੰਜ ਆਬ’ ਕਰੇਗਾ 1 ਜੂਨ ਨੂੰ ਮਤਦਾਨ, ਵਿਸ਼ੇ ਨੂੰ ਦਰਸਾਉਂਦਾ ਕੰਧ ਚਿੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਕੰਧ ਚਿੱਤਰ ਦਾ ਲੋਕ ਅਰਪਣ ਲੋਕ ਸਭਾ ਚੋਣਾਂ ਲਈ ਪਾਰਲੀਮਾਨੀ ਹਲਕਾ ਅਨੰਦਪੁਰ ਸਾਹਿਬ ਦੇ ਖਰਚਾ ਨਿਗਰਾਨ ਸ਼੍ਰੀਮਤੀ ਸ਼ਿਲਪੀ ਸਿਨਹਾ ਨੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਸੰਦੀਪ ਗਰਗ ਦੀ ਮੌਜੂਦਗੀ ਚ ਕੀਤਾ।

ਜ਼ਿਕਰਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਸਨੀਕ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਲਗਾਤਾਰ ਆਪਣੀ ਚਿੱਤਰਕਾਰੀ ਰਾਹੀਂ, 3-ਡੀ ਪੇਂਟਿੰਗ ਅਤੇ ਕੰਧ ਚਿਤਰਾਂ ਰਾਹੀਂ ਲੋਕਾਂ ਨੂੰ ਵੋਟ ਬਣਵਾਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਨੋਡਲ ਅਫਸਰ, ਸਵੀਪ, ਪ੍ਰੋ. ਗੁਰਬਖਸੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਇਸ ਕੰਧ ਚਿੱਤਰ ਰਾਹੀਂ ਪੰਜਾਬ ਦੇ ‘ਪੰਜ ਆਬ’ (ਪੰਜ ਦਰਿਆਵਾਂ) ਨੂੰ ਲੋਕਤੰਤਰ ਦੇ ਰੰਗਾਂ ਵਿੱਚ ਰੰਗ ਵੋਟ ਪਾਉਂਦੇ ਦਿਖਾਇਆ ਗਿਆ ਹੈ, ਜਿਸ ਵਿੱਚ ਪੰਜ ਦਰਿਆਵਾਂ ਦੀਆਂ ਲਹਿਰਾਂ ਨਾਲ ਖੇਡਦੇ ਹੋਏ ਸੀਨੀਅਰ ਸਿਟੀਜ਼ਨ, ਦਿਵਿਆਂਗ ਜਨ, ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ, ਮਹਿਲਾ, ਟਰਾਂਸਜੈਂਡਰ, ਸਰਵਿਸ ਵੋਟਰ, ਚੋਣ ਡਿਊਟੀ, ਐਨ.ਆਰ.ਆਈ, ਚੋਣ ਡਿਊਟੀ ਦੌਰਾਨ ਤਾਇਨਾਤ ਸਟਾਫ਼ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਕੰਧ ਚਿੱਤਰ ਵਿੱਚ ‘ਕੂਲ’ (ਠੰਡੇ) ਅਤੇ ‘ਵਾਰਮ’ (ਗਰਮ) ਰੰਗਾਂ ਦੇ ਮਿਸ਼ਰਣ ਦੀ ਵਰਤੋਂ ਕੀਤੀ ਗਈ ਹੈ, ਜਿਸ ਸਬੰਧੀ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਦੱਸਿਆ ਕਿ ‘ਵਾਰਮ ਕਲਰ’ ਜਿੱਥੇ ਨੌਜੁਆਨਾਂ ਦੇ ਜੋਸ਼ ਦਾ ਪ੍ਰਤੀਕ ਹਨ, ਗੁਲਾਬੀ ਰੰਗ ਸਾਡੀਆਂ ਭੈਣਾਂ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਲਈ ਕੀਤੇ ਯਤਨਾਂ ਨੂੰ ਦਰਸਾਉਂਦਾ ਹੈ, ਉੱਥੇ ਹੀ ਠੰਡੇ ਜਾਂ ‘ਕੂਲ ਕਲਰ’ ਸੀਨੀਅਰ ਸਿਟੀਜ਼ਨ ਦੀ ਸੋਚ ਅਤੇ ਸੁਹਿਦਰਤਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਨੀਲਾ ਰੰਗ ਨੈਤਿਕ ਅਧਾਰ ‘ਤੇ ਵੋਟ ਪਾਉਣ ਲਈ ਪ੍ਰੇਰਿਤ ਕਰਦਾ ਹੈ, ਉੱਥੇ ਹਰਾ ਰੰਗ ਜੂਨ ਮਹੀਨੇ ਦੀ ਤਪਿਸ਼ ਨੂੰ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਦੀ ਹਾਮੀ ਭਰਦਾ ਹੈ। ਜ਼ਿਲ੍ਹਾ ਸਵੀਪ ਟੀਮ ਵੱਲੋਂ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਵੱਲੋਂ ਵਧਾਈ ਦਿੱਤੀ ਗਈ ਅਤੇ ਸਮੁਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ 1 ਜੂਨ ਨੁੰ ਸਾਰੇ ਵੋਟ ਪਾ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਰਾਜ ਤਿੜਕੇ , ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ, ਉਪ ਮੰਡਲ ਮੈਜਿਸਟ੍ਰੇਟ ਕਮ ਸਹਾਇਕ ਰਿਟਰਨਿੰਗ ਅਫ਼ਸਰ ਦੀਪਾਂਕਰ ਗਰਗ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਹਾਜ਼ਰ ਸਨ।

Leave a Reply

Your email address will not be published. Required fields are marked *