Pawan Khera

ਕਾਂਗਰਸੀ ਨੇਤਾ ਪਵਨ ਖੇੜਾ ਨੂੰ PM ਮੋਦੀ ‘ਤੇ ਟਿੱਪਣੀ ਕਰਨਾ ਪਿਆ ਮਹਿੰਗਾ, ਪੁਲਿਸ ਨੇ ਦਿੱਲੀ ‘ਚ ਕੀਤਾ ਗ੍ਰਿਫਤਾਰ

ਚੰਡੀਗੜ੍ਹ, 23 ਫਰਵਰੀ 2023: ਕਾਂਗਰਸ ਨੇਤਾ ਪਵਨ ਖੇੜਾ ਦੇ ਖ਼ਿਲਾਫ਼ ਅਸਾਮ ਦੇ ਦੀਮਾ ਹਸਾਓ ਜ਼ਿਲੇ ਦੇ ਹਾਫਲਾਂਗ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਤੋਂ ਬਾਅਦ ਆਸਾਮ ਪੁਲਿਸ ਨੇ ਪਵਨ ਖੇੜਾ (Pawan Khera) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸਾਮ ਪੁਲਿਸ ਦੇ ਆਈਜੀਪੀ ਪ੍ਰਸ਼ਾਂਤ ਕੁਮਾਰ ਭੂਯਾਨ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਪਵਨ ਖੇੜਾ ਨੂੰ ਦਿੱਲੀ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਸੀ। ਜਿਸ ਤੋਂ ਬਾਅਦ ਆਸਾਮ ਪੁਲਿਸ ਨੇ ਉੱਥੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਸਾਮ ਪੁਲਿਸ ਦੇ ਆਈਜੀਪੀ ਪ੍ਰਸ਼ਾਂਤ ਕੁਮਾਰ ਭੂਯਾਨ ਨੇ ਦੱਸਿਆ ਕਿ ਅਸੀਂ ਦਿੱਲੀ ਪੁਲਿਸ ਨੂੰ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਅਦਾਲਤ ਦੀ ਇਜਾਜ਼ਤ ਮਿਲਣ ਤੋਂ ਬਾਅਦ ਪਵਨ ਖੇੜਾ ਨੂੰ ਆਸਾਮ ਲਿਆਂਦਾ ਜਾਵੇਗਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਪਵਨ ਖੇੜਾ ਖ਼ਿਲਾਫ਼ ਹਾਫਲਾਂਗ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਖੇੜਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 153ਬੀ, 500, 504 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪਵਨ ਖੇੜਾ (Pawan Khera) ਹੋਰ ਕਾਂਗਰਸੀ ਆਗੂਆਂ ਨਾਲ ਕਾਂਗਰਸ ਦੇ ਇਜਲਾਸ ਵਿੱਚ ਸ਼ਾਮਲ ਹੋਣ ਲਈ ਰਾਏਪੁਰ ਜਾ ਰਹੇ ਸਨ। ਪਵਨ ਖੇੜਾ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਹੋਰ ਕਾਂਗਰਸੀ ਆਗੂ ਦਿੱਲੀ ਏਅਰਪੋਰਟ ‘ਤੇ ਹੀ ਉਨ੍ਹਾਂ ਦੇ ਸਮਰਥਨ ‘ਚ ਧਰਨੇ ‘ਤੇ ਬੈਠ ਗਏ। ਇਸ ਕਾਰਨ ਦਿੱਲੀ ਹਵਾਈ ਅੱਡੇ ‘ਤੇ ਕਾਫੀ ਹੰਗਾਮਾ ਹੋਇਆ ਅਤੇ ਪੁਲਿਸ ਅਧਿਕਾਰੀਆਂ ਅਤੇ ਕਾਂਗਰਸੀ ਨੇਤਾਵਾਂ ਵਿਚਾਲੇ ਤਿੱਖੀ ਬਹਿਸ ਹੋਈ।

ਜਿਕਰਯੋਗ ਹੈ ਕਿ ਹਾਲ ਹੀ ਵਿੱਚ ਪਵਨ ਖੇੜਾ ਨੇ ਅਡਾਨੀ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪਿਤਾ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਦਰਅਸਲ ਪਵਨ ਖੇੜਾ ਨੇ ਆਪਣਾ ਪੂਰਾ ਨਾਂ ਬੋਲਦੇ ਹੋਏ ਪ੍ਰਧਾਨ ਮੰਤਰੀ ਦੇ ਪਿਤਾ ਦਾ ਗਲਤ ਨਾਂ ਬੋਲਿਆ। ਗਲਤੀ ਵੀ ਸੁਧਾਰੀ ਪਰ ਬਾਅਦ ਵਿੱਚ ਫਿਰ ਗਲਤ ਨਾਂ ਲੈ ਕੇ ਪ੍ਰਧਾਨ ਮੰਤਰੀ ਮੋਦੀ ਤੰਜ ‘ਤੇ ਕੱਸਿਆ । ਜਿਸ ਤੋਂ ਬਾਅਦ ਭਾਜਪਾ ਆਗੂਆਂ ਨੇ ਪਵਨ ਖੇੜਾ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ। ਇਸ ਕਾਰਨ ਵਾਰਾਣਸੀ ਅਤੇ ਲਖਨਊ ਵਿੱਚ ਵੀ ਪਵਨ ਖੇੜਾ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ।

ਗ੍ਰਿਫਤਾਰੀ ਨੂੰ ਲੈ ਕੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਸੁਪਰੀਮ ਕੋਰਟ ਪਹੁੰਚੇ। ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਨੇ ਦੁਪਹਿਰ 3 ਵਜੇ ਸੁਣਵਾਈ ਸ਼ੁਰੂ ਕੀਤੀ ਅਤੇ ਲਗਭਗ 35 ਮਿੰਟ ਤੱਕ ਸੁਣਵਾਈ ਤੋਂ ਬਾਅਦ ਪਵਨ ਖੇੜਾ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਅਸਾਮ ਅਤੇ ਯੂਪੀ ਸਰਕਾਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ ਅਤੇ ਤਿੰਨ ਥਾਵਾਂ ‘ਤੇ ਦਰਜ ਕੇਸਾਂ ਨੂੰ ਇਕ ਅਧਿਕਾਰ ਖੇਤਰ ਵਿਚ ਲਿਆਉਣ ‘ਤੇ ਸਵਾਲ ਖੜ੍ਹੇ ਕੀਤੇ ਹਨ।

Scroll to Top