ਪਟਿਆਲਾ, 6 ਫਰਵਰੀ 2023: ਸਮਾਜ ਸੇਵਾ ਵਿੱਚ ਲੰਬੇ ਸਮੇਂ ਤੋਂ ਛਾਈ ਹੋਈ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ (Sheela Alipuria Charitable Society) ਵੱਲੋਂ ਪੂਰੀ ਤਰਾਂ ਮੁਫ਼ਤ ਸਿੱਖਿਆ ਲਈ ਅਡਾਪਟ ਕੀਤੇ 8 ਬੱਚਿਆਂ ਵਿੱਚੋਂ 4 ਬੱਚਿਆਂ ਨੇ ਸੀ.ਏ ਫਾਊਂਡੇਸ਼ਨ ਐਂਟਰੈਂਸ ਟੈਸਟ ਵਿੱਚ ਸ਼ਾਨਦਾਰ ਅੰਕ ਲੈ ਕੇ ਸਫਲਤਾ ਪ੍ਰਾਪਤ ਕੀਤੀ ਹੈ।
ਚੈਰੀਟੇਬਲ ਸੁਸਾਇਟੀ ਦੀ ਅੱਜ ਇੱਕੇ ਹੋਈ ਮੀਟਿੰਗ ਜਿਸਦੀ ਪ੍ਰਧਾਨਗੀ ਸੁਸਾਇਟੀ ਦੇ ਚੇਅਰਮੈਨ ਅਤੇ ਸੀਨੀਅਰ ਮੋਸਟ ਸੀਏ ਅਜੈ ਅਲੀਪੁਰੀਆ ਕਰ ਰਹੇ ਸਨ, ਵਿੱਚ ਇਸ ਗੱਲ ‘ਤੇ ਖੁਸ਼ੀ ਤੇ ਸੰਤੁਸ਼ਟੀ ਜਾਹਰ ਕੀਤੀ ਗਈ ਕਿ ਜਿਨ੍ਹਾਂ ਬੱਚਿਆਂ ਨੂੰ ਸੁਸਾਇਟੀ ਅਡਾਪਟ ਕਰਕੇ ਸਾਰੀ ਹਾਇਰ ਵਿਦਿਆ ਮੁਫ਼ਤ ਦੇ ਰਹੀ ਹੈ, ਉਹ ਬੱਚੇ ਆਪਣੀ ਮਿਹਨਤ ਨਾਲ ਸੁਸਾਇਟੀ ਤੇ ਮਾਪਿਆਂ ਦਾ ਨਾਮ ਜਿੱਥੇ ਰੋਸ਼ਨ ਕਰ ਰਹੇ ਹਨ, ਉੱਥੇ ਆਪਣਾ ਭਵਿੱਖ ਵੀ ਸੰਵਾਰ ਰਹੇ ਹਨ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰੀਆ ਨੇ ਦੱਸਿਆ ਕਿ ਬੱਚੇ ਭਾਰਤੀ ਨੇ 400 ਵਿੱਚੋਂ 305 ਅੰਕ, ਮਨਜੋਤ ਸਿੰਘ ਨੇ 258 ਅੰਕ, ਸ਼ਿਵਾਨੀ ਨੇ 256 ਅੰਕ ਅਤੇ ਆਦਿਤਿਆ ਨੇ 239 ਅੰਕ ਪ੍ਰਾਪਤ ਕੀਤੇ ਹਨ, ਜੋਕਿ ਬਹੁਤ ਹੀ ਸ਼ਾਨਦਾਰ ਸਫਲਤਾ ਹੈ। ਉਨ੍ਹਾਂ ਆਖਿਆ ਕਿ 8 ਵਿਚੋਂ ਬਾਕੀ ਤਿੰਨ ਬੱਚੇ ਵੀ ਪੂਰੀ ਮਿਹਨਤ ਕਰ ਰਹੇ ਹਨ ਤੇ ਇੱਕ ਮੈਡੀਕਲ ਦਾ ਸਟੂਡੈਂਟ ਹੈ।
ਇਹ ਬੱਚੇ ਬੇਹਦ ਲੋੜਵੰਦ ਪਰਿਵਾਰਾਂ ਦੇ ਹਨ ਅਤੇ ਇਸ ਐਂਟਰੈਸ ਟੈਸਟ ਕਲੀਅਰ ਕਰਨ ਵਾਲੇ ਇੱਕ ਡਰਾਈਵਰ ਦੀ ਬੱਚੀ ਵੀ ਸੀ.ਏ ਬਣੇਗੀ। ਇਹ ਐਜੂਕੇਸ਼ਨ ਟਰੱਸਟ ਨੇ ਹੁਣ ਤੱਕ 25 ਤੋਂ ਵੱਧ ਬੱਚੇ ਬਿਲਕੁੱਲ ਮੁਫ਼ਤ ਵਿਦਿਆ ਦੇ ਕੇ ਸਪਾਂਸਰ ਕੀਤੇ ਹਨ, ਜਿਹੜੇ ਕਿ ਅੱਜ ਸ਼ਾਨਦਾਰ ਉਪਲਬਧੀਆਂ ਪ੍ਰਾਪਤ ਕਰ ਰਹੇ ਹਨ। ਡਾ. ਰਵੀ ਭੂਸ਼ਣ ਜੋਕਿ ਜੀਕੇ ਇੰਸਟੀਚਿਊਟ ਦੇ ਮਾਲਕ ਹਨ, ਇਨ੍ਹਾਂ ਬੱਚਿਆਂ ਨੂੰ ਸ਼ਾਨਦਾਰ ਵਿਦਿਆ ਦੇ ਰਹੇ ਹਨ।
ਅਜੈ ਅਲੀਪੁਰੀਆ ਨੇ ਆਖਿਆ ਕਿ ਦੁਨੀਆ ਵਿੱਚ ਹਰ ਮਨੁੱਖ ਦਾਨ ਪੁੰਨ ਕਰ ਰਿਹਾ ਹੈ ਪਰ ਮੇਰੀ ਉਨ੍ਹਾਂ ਸਾਰੇ ਵੱਡੇ ਲੋਕਾਂ ਨੂੰ ਅਪੀਲ ਹੈ ਕਿ ਉਹ ਜਿੰਦਗੀ ਵਿੱਚ ਘੱਟੋ ਘੱਟ ਇੱਕ ਲੋੜਵੰਦ ਬੱਚਾ ਲੈ ਕੇ ਉਸਨੂੰ ਸਾਰੀ ਵਿਦਿਆ ਪੂਰੀ ਤਰ੍ਹਾਂ ਮੁਫ਼ਤ ਦਿਵਾਉਣ ਤਾਂ ਜੋ ਉਸ ਬੱਚੇ ਦਾ ਪਰਿਵਾਰ ਅਤੇ ਉਨ੍ਹਾਂ ਦੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੰਵਰ ਸਕੇ। ਉਨ੍ਹਾਂ ਆਖਿਆ ਕਿ ਉਹ ਸਮਝਦੇ ਹਨ ਕਿ ਲੋੜਵੰਦਾਂ ਨੂੰ ਮੁਫ਼ਤ ਵਿਦਿਆ ਦੇਣਾ ਸਭ ਤੋਂ ਵੱਡਾ ਕੰਮ ਹੈ। ਇਸ ਮੌਕੇ ਵਾਈਸ ਪ੍ਰੈਜੀਡੈਂਟ ਅਨੁਰਾਧਾ ਅਲੀਪੁਰੀਆ, ਚੇਅਰਮੈਨ ਪੰਕਜ ਅਲੀਪੁਰੀਆ, ਡਾ. ਰਵੀ ਭੂਸ਼ਣ ਜੀਕੇ ਇੰਸਟੀਚਿਊਟ ਦੇ ਐਮ.ਡੀ ਵੀ ਹਾਜਰ ਰਹੇ।
ਪਿਛਲੇ ਸਮੇਂ ਵਿੱਚ ਟਰੱਸਟ ਦੀ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੋਰ ‘ਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪਹੁੰਚੇ ਸਨ, ਜਿਨ੍ਹਾਂ ਨੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸੀ ਕਿ ਜਿਹੜੇ ਬੱਚਿਆਂ ਨੂੰ ਇਹ ਸੁਸਾਇਟੀ ਮੁਫ਼ਤ ਵਿਦਿਆ ਦੇ ਰਹੀ ਹੈ, ਜੇਕਰ ਉਹ 400 ਵਿਚੋਂ 250 ਅੰਕ ਲੈਣਗੇ ਤਾਂ ਉਹ ਉਨ੍ਹਾਂ ਨੂੰ ਇਨਾਮ ਵਜੋਂ ਆਪਣੇ ਕੋਲੋਂ ਲੈਪਟਾਪ ਦੇਣਗੇ। ਅਜੈ ਅਲੀਪੁਰੀਆ ਨੇ ਦੱਸਿਆ ਕਿ ਐਮ.ਐਲ.ਏ. ਸਾਹਿਬ ਨੇ ਇਸ ਗੱਲ ‘ਤੇ ਬੜੀ ਵੱਡੀ ਖੁਸ਼ੀ ਜਾਹਿਰ ਕੀਤੀ ਹੈ ਕਿ ਤਿੰਨੇ ਬੱਚੇ 250 ਤੋਂ ਵੱਧ ਅੰਕ ਲੈ ਗਏ ਹਨ। ਇਸ ਲਈ ਉਹ ਉਨ੍ਹਾਂ ਨੂੰ ਅਗਲੇਰੀ ਉੱਚੇਰੀ ਸਿੱਖਿਆ ਲਈ ਖੁਦ ਲੈਪਟਾਪ ਲੈ ਕੇ ਦੇਣਗੇ।
ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ (Sheela Alipuria Charitable Society) ਜਿੱਥੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇ ਰਹੀ ਹੈ, ਉੱਥੇ ਹਰਿਆਵਲ ਮੁਹਿੰਮ ਵਿੱਚ ਵੀ ਅਹਿਮ ਯੋਗਦਾਨ ਪਾ ਰਹੀ ਹੈ। ਸੁਸਾਇਟੀ ਨੇ ਪਿਛਲੇ ਸਮੇਂ 100 ਤੋਂ ਵੱਧ ਦਰੱਖਤ ਲਗਾ ਕੇ ਇਸ ਮੁਹਿੰਮ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ। ਬੂਟੇ ਲਗਾਉਣ ਦੀ ਮੁਹਿੰਮ ਵਿੱਚ ਖਾਸ ਗੱਲ ਇਹ ਰਹੀ ਕਿ ਸੁਸਾਇਟੀ ਨੇ 5-5 ਫੁੱਟ ਊਚੇ ਤੇ ਵੱਡੇ ਬੂਟੇ ਲਗਵਾਏ ਤਾਂ ਜੋ ਬੂਟੇ ਖਰਾਬ ਨਾ ਹੋਣ ਤੇ ਲਗਾਤਾਰ ਚੱਲਣ। ਵੱਡੇ ਤੇ ਪਲੇ ਹੋਏ ਬੂਟੇ ਲਗਾਉਣ ਦਾ ਫਾਇਦਾ ਇਹ ਹੈ ਕਿ ਇਹ ਬੂਟੇ ਲਗਾਤਾਰ ਊਚਾਈ ਵੱਲ ਵਧ ਰਹੇ ਹਨ।