Sri Akal Takht Sahib

ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਅਪਮਾਨ ਕਰਨ ਲਈ ਸਿੱਖ ਸੰਗਤ ਤੋਂ ਮੁਆਫ਼ੀ ਮੰਗਣ: ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ, 29 ਮਾਰਚ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਅਤੇ ਇਸਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਪਮਾਨ ਕਰਨ ਲਈ ਸਿੱਖ ਸੰਗਤ ਤੋਂ ਤੁਰੰਤ ਮੁਆਫੀ ਮੰਗਣ ਅਤੇ ਸੂਬੇ ਵਿਚ ਗਲਤ ਢੰਗ ਨਾਲ ਹਿਰਾਸਤ ਵਿਚ ਲਏ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਜਥੇਦਾਰ ਸਾਹਿਬ ਦੇ ਸੋਸ਼ਲ ਮੀਡੀਆ ’ਤੇ ਪਾਏ ਟਵੀਟ ਨੂੰ ਹਟਵਾਉਣ ਲਈ ਸ਼ਿਕਾਇਤ ਕਰਨ ਤੇ ਸਿੰਘ ਸਾਹਿਬ ’ਤੇ ਭਾਵਨਾਵਾਂ ਭੜਕਾਉਣ ਦੇ ਦੋਸ਼ ਲਾਉਣ ਲਈ ਵੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ਹੋ ਕੇ ਮੁਆਫੀ ਮੰਗਣ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿਸੱਚਾਈ ਇਸ ਤੋਂ ਉਲਟ ਹੈ। ਸਿੰਘ ਸਾਹਿਬ ਨੇ ਸਿੱਖ ਬੁੱਧੀਜੀਵੀਆਂ ਤੇ ਸਿਆਸੀ ਆਗੂਆਂ ਦੀ ਮੀਟਿੰਗ ਸੱਦੀ ਸੀ ਤਾਂ ਜੋ ਨਿਰਦੋਸ਼ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ’ਤੇ ਚਰਚਾ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਉਹਨਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਵਿਚ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ। ਉਹਨਾਂ ਕਿਹਾ ਕਿ ਬਜਾਏ ਇਸ ਧਾਰਮਿਕ ਨਿਰਦੇਸ਼ ਦੀ ਪਾਲਣਾ ਕਰਨ ਦੇ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਦਾ ਹੀ ਨਹੀ਼ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਜਥੇਦਾਰਾਂ ਦਾ ਅਪਮਾਨ ਕਰਨ ਦਾ ਰਾਹ ਚੁਣਿਆ ਤੇ ਇਸ ਕੇਸ ਦਾ ਸਿਆਸੀਕਰਨ ਕੀਤਾ ਜਦੋਂ ਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹੈ।

ਡਾ. ਚੀਮਾ ਨੇ ਜ਼ੋਰ ਦੇ ਕਿਹਾ ਕਿ ਇਸ ਸਭ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਇਹ ਬਹੁਤਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਆਪਣੀ ਗਲਤੀ ਦਾ ਅਹਿਸਾਸ ਕਰਨ ਦੇ ਮੁੱਖ ਮੰਤਰੀ ਹੰਕਾਰ ਵਿਖਾ ਰਹੇ ਹਨ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਰਾਜ ਸਰਕਾਰ ਨੂੰ ਝੂਠੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਵੱਡੀ ਗਿਣਤੀ ਨੌਜਵਾਨਾਂ ਨੂੰ ਰਿਹਾਅ ਕਰਨਾ ਪਿਆ ਹੈ। ਉਹਨਾਂ ਮੰਗ ਕੀਤੀ ਕਿ ਜਿਹੜੇ ਨੌਜਵਾਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਹਨ, ਉਹਨਾਂ ਦੇ ਕੇਸ ਵੀ ਖਾਰਜ ਕੀਤੇ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਨੌਜਵਾਨਾਂ, ਬੁੱਧੀਜੀਵੀਆਂ, ਕਲਾਕਾਰਾਂ ਤੇ ਮੀਡੀਆ ਨੁਮਾਇੰਦਿਆਂ ’ਤੇ ਜ਼ੁਲਮ ਢਾਹੁਣਾ ਬੰਦ ਕੀਤਾ ਜਾਵੇ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਸਿੱਖਾਂ ਦੇ ਮਾਣ ਦਾ ਪ੍ਰਤੀਕ ਹੈ ਤੇ ਇਸਨੇਹਮੇਸ਼ਾ ਜ਼ਬਰ ਤੇ ਜ਼ੁਲਮ ਤੇ ਵਧੀਕੀ ਦਾ ਵਿਰੋਧ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕੀਤਾ ਹੈ। ਉਹਨਾਂ ਕਿਹਾ ਕਿ ਭਾਵੇਂ ਅਫਗਾਨਾਂ ਨੇ ਅਤੇ ਬਾਅਦ ਵਿਚ ਆਜ਼ਾਦ ਭਾਰਤ ਵਿਚ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹਿਆ ਪਰ ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਸਰਵਉੱਚ ਹੋ ਕੇ ਨਿਤਰਿਆ ਹੈ।

ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬੀਆਂ ਦਾ ਅਪਮਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਧਰੁਵੀਕਰਨ ਦੀ ਮੌਜੂਦਾ ਸਿਆਸਤ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਲਿਜਾ ਰਹੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਉਹ ਵੰਡ ਪਾਊ ਰਾਜਨੀਤੀ ਕਰਨ ਤੋਂ ਗੁਰੇਜ਼ ਕਰੇ ਅਤੇ ਕਿਹਾ ਕਿ ਇਹ ਪੰਜਾਬੀਆਂ ਨੂੰ ਸਪਸ਼ਟ ਹੈ ਕਿ ਇਹ ਸਭ ਕੁਝ ਸਰਕਾਰ ਦੇ ਹਰ ਮੁਹਾਜ਼ ’ਤੇ ਭਾਵੇਂ ਉਹ ਕਾਨੂੰਨ ਵਿਵਸਥਾ ਹੋਵੇ, ਵਿੱਤੀ ਪ੍ਰਬੰਧਨ ਹੋਵੇ, ਵਿਕਾਸ ਕਾਰਜ ਕਰਨ ਦੀ ਗੱਲ ਹੋਵੇ ਜਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਦੇਣ ਦੀ ਗੱਲਹੋਵੇ, ਹਰ ਮੁਹਾਜ਼ ’ਤੇ ਸਰਕਾਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹਾ ਕੀਤਾ ਜਾ ਰਿਹਾ ਹੈ।

Scroll to Top