BKU Ekta-Ugrahan

BKU (ਏਕਤਾ-ਉਗਰਾਹਾਂ) ਵੱਲੋਂ ਨਵੀਂ ਕਿਸਾਨ ਪੱਖੀ ਖੇਤੀ ਨੀਤੀ ਦਾ ਚੌਖਟਾ 27 ਫਰਵਰੀ ਨੂੰ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪਣ ਦਾ ਫੈਸਲਾ

ਮਾਨਸਾ, 25 ਫਰਵਰੀ 2023: ਪੰਜਾਬ ਸਰਕਾਰ ਦੁਆਰਾ ਨਵੀਂ ਖੇਤੀ ਨੀਤੀ ਸੰਬੰਧੀ ਮੰਗੇ ਗਏ ਸੁਝਾਵਾਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕਿਸਾਨ ਪੱਖੀ ਖੇਤੀ ਨੀਤੀ ਦਾ ਲਿਖਤੀ ਚੌਖਟਾ 27 ਫਰਵਰੀ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮਕਸਦ ਲਈ ਮੰਤਰੀ ਨਾਲ ਮਿਥੇ ਗਏ ਸਮੇਂ ਅਨੁਸਾਰ ਉਸ ਦਿਨ 12 ਵਜੇ ਜਥੇਬੰਦੀ ਦੇ ਸੂਬਾ ਆਗੂਆਂ ਦਾ ਪੰਜ ਮੈਂਬਰੀ ਵਫ਼ਦ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੁੱਜੇਗਾ।

ਇਸ ਵਫ਼ਦ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਰੂਪ ਸਿੰਘ ਛੰਨਾਂ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਨਵੀਂ ਖੇਤੀ ਨੀਤੀ ਦੇ ਤਿੰਨ ਮੁੱਖ ਉਦੇਸ਼ ਮਿਥੇ ਗਏ ਹਨ, ਜਿੰਨ੍ਹਾਂ ਦੀ ਸੰਖੇਪ ਵਿਆਖਿਆ ਲਿਖਤੀ ਚੌਖਟੇ ਵਿੱਚ ਦਰਜ ਹੋਵੇਗੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਸਰਕਾਰ ਨੂੰ ਪੇਸ਼ ਕੀਤੀ ਗਈ ਇਸ ਨਵੀਂ ਖੇਤੀ ਨੀਤੀ ਉੱਪਰ ਵਿਸਥਾਰੀ ਚਰਚਾ ਲਈ ਉਸੇ ਦਿਨ ਇਸ ਮੁੱਦੇ ‘ਤੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।

Scroll to Top