ਬਰਨਾਲਾ, 16 ਮਾਰਚ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਚਾਰੇ ਗਏ ਮਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਸਾਮਰਾਜੀ ਧਾੜਵੀਆਂ ਵੱਲੋਂ ਇਸ ਵਾਰ G-20 ਸੰਮੇਲਨ 9-10 ਸਤੰਬਰ 2023 ਨੂੰ ਪ੍ਰਗਤੀ ਮੈਦਾਨ ਦਿੱਲੀ ਕੀਤਾ ਜਾ ਰਿਹਾ ਹੈ। ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸੰਮੇਲਨ ਦੀਆਂ ਤਿਆਰੀਆਂ ਵਜੋਂ ਖੇਤਰੀ ਸੰਮੇਲਨ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਵੀ ਇਹ ਸੰਮੇਲਨ 14 ਮਾਰਚ ਤੋਂ 18 ਮਾਰਚ ਤੱਕ ਸ਼ੁਰੂ ਹੋ ਗਿਆ ਹੈ।
ਆਗੂਆਂ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਸਾਮਰਾਜੀ ਧਾੜਵੀ ਸਾਡੇ ਮੁਲਕ ਦੀ ਜਲ, ਜੰਗਲ, ਜ਼ਮੀਨ ਅਤੇ ਕਿਰਤ ਸ਼ਕਤੀ ਉੱਤੇ ਡਾਕੇ ਮਾਰਨ ਲਈ ਵਿਉਂਤਬੰਦੀਆਂ ਬਨਾਉਣਗੇ। 1990-91 ਤੋਂ ਸ਼ੁਰੂ ਕੀਤੀ ਉਦਾਰੀਕਰਨ, ਵਿਸ਼ਵੀਕਰਨ ਤੇ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਹੋਰ ਜਰਬ੍ਹਾਂ ਦੇਣਗੇ। ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੀਆਂ ਟਾਹਰਾਂ ਮਾਰਨ ਵਾਲੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਸਾਮਰਾਜੀ ਲੁਟੇਰਿਆਂ ਅੱਗੇ ਝੁਕ ਕੇ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ।
ਪੰਜਾਬ ਪੰਜਾਬ ਦੀ ਉਸ ਸਰਜ਼ਮੀਨ ਉੱਤੇ ਕੀਤਾ ਜਾ ਰਿਹਾ ਇਹ ਸੰਮੇਲਨ ਸੰਘਰਸ਼ਸ਼ੀਲ ਕਿਸਾਨ-ਮਜਦੂਰ ਜਥੇਬੰਦੀਆਂ ਲਈ ਵਡੇਰਾ ਚੈਲੰਜ ਹੈ। ਇਸ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 16 ਮਾਰਚ ਨੂੰ ਸਮੁੱਚੇ ਪੰਜਾਬ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਨ ਦੀ ਲੜੀ ਵਜੋਂ ਬਰਨਾਲਾ, ਸ਼ਹਿਣਾ ਅਤੇ ਮਹਿਲਕਲਾਂ ਬਲਾਕ ਦੇ ਸਾਰੇ ਪਿੰਡਾਂ ਵਿੱਚ ਸਾਮਰਾਜੀ ਧਾੜਵੀਆਂ ਮੋਦੀ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਕੇ ਮੁਜ਼ਾਹਰੇ ਕੀਤੇ ਜਾਣਗੇ।
ਆਗੂਆਂ ਜਗਰਾਜ ਸਿੰਘ ਹਰਦਾਸਪੁਰਾ,ਰਾਮ ਸ਼ਹਿਣਾ, ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀ ਕਲਾਂ ਨੇ ਕਿਹਾ ਕਿ ਐਸਕੇਐਮ ਵੱਲੋਂ ਮੋਦੀ ਹਕੂਮਤ ਖਿਲਾਫ਼ ਸ਼ੁਰੂ ਕੀਤੇ ਦੂਜੇ ਸੰਘਰਸ਼ ਦੇ ਪੜਾਅ ਵਜੋਂ 20 ਮਾਰਚ ਨੂੰ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਲਈ 19 ਮਾਰਚ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਕਾਫ਼ਲੇ ਧੂਰੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣਗੇ।
ਇਸ ਸਮੇਂ ਕਾਲਾ ਜੈਦ, ਸੁਖਵਿੰਦਰ ਸਿੰਘ ਉੱਪਲੀ, ਅਮਨਦੀਪ ਸਿੰਘ ਭਦੌੜ, ਕੁਲਵੰਤ ਸਿੰਘ ਹੰਢਿਆਇਆ ਆਦਿ ਆਗੂਆਂ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਇਸ ਦੇ ਬੁਨਿਆਦੀ ਅਸੂਲਾਂ ਅਨੁਸਾਰ ਉਪਰ ਪੂਰੀ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਤਾਕੀਦ ਕੀਤੀ।