ਸ੍ਰੀ ਮੁਕਤਸਰ ਸਾਹਿਬ 30 ਜਨਵਰੀ 2023: ਐਨਐਸਯੂਆਈ (NSUI) ਦੇ ਕੌਮੀ ਜਨਰਲ ਸਕੱਤਰ ਅਤੇ ਰਾਜਸਥਾਨ ਦੇ ਇੰਚਾਰਜ਼ ਗੁਰਜੋਤ ਸਿੰਘ ਸੰਧੂ ਜੋ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਵਿਚ ਰਾਹੁਲ ਗਾਂਧੀ ਦੇ ਨਾਲ ਚੱਲਣ ਵਾਲੇ 117 ਵਿਅਕਤੀਆਂ ਵਿਚੋਂ ਇੱਕ ਹਨ, ਉਨ੍ਹਾਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਰਤ ਜ਼ੋੜੋ ਯਾਤਰਾ ਹਰ ਵਰਗ ਦੀਆਂ ਮੰਗਾਂ ਦੀ ਤਰਜ਼ਮਾਨੀ ਕਰਦੀ ਹੈ।
ਬੀਤੇ ਸਮੇਂ ਵਿਚ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੀ ਸਮਾਪਤੀ ‘ਤੇ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ, ਅਗਨੀਪੱਥ ਵਰਗੀ ਸਕੀਮ ਦੇਸ਼ ਵਿਚ ਲਾਗੂ ਕਰਨ ਦਾ ਵਿਰੋਧ ਐਨਐਸਯੂਆਈ ਵੱਲੋਂ ਕੀਤਾ ਗਿਆ ਹੈ । ਉਹਨਾ ਕਿਹਾ ਕਿ ਭਾਰਤ ਜੋੜੋ ਯਾਤਰਾ (Bharat Jodo Yatra) ਦਾ ਮੁੱਖ ਮਕਸਦ ਉਹਨਾਂ ਲੋਕਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਨਾ ਹੈ ਜੋ ਆਪਣੀ ਰਾਜਨੀਤੀ ਲਈ ਲੋਕਾਂ ਨੂੰ ਤੋੜਣ ਦੀ ਰਾਜਨੀਤੀ ਕਰ ਰਹੇ ਹਨ। ਇਹ ਯਾਤਰਾ ਵੱਡਾ ਇਨਕਲਾਬ ਲੈ ਕੇ ਆਵੇਗੀ। ਆਮ ਆਦਮੀ ਪਾਰਟੀ ਦਿੱਲੀ ਵਾਲੀਆਂ ਰਣਨੀਤੀਆਂ ਪੰਜਾਬ ਵਿਚ ਲਾਗੂ ਕਰਨਾ ਚਾਹੁੰਦੀ, ਪਰ ਭੂਗੋਲਿਕ ਪੱਖ ਤੋਂ ਦਿੱਲੀ ਅਤੇ ਪੰਜਾਬ ਦੇ ਵਿਚ ਵੱਡਾ ਫਰਕ ਹੈ।