BCCI

ICC ਦੇ ਫੈਸਲੇ ਖ਼ਿਲਾਫ਼ BCCI ਕਰ ਸਕਦੀ ਹੈ ਅਪੀਲ, ਇੰਦੌਰ ਸਟੇਡੀਅਮ ‘ਤੇ ਲੱਗ ਸਕਦੈ 1 ਸਾਲ ਦਾ ਬੈਨ

ਚੰਡੀਗੜ੍ਹ, 07 ਮਾਰਚ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਗਿਆ ਤੀਜਾ ਟੈਸਟ ਤੀਜੇ ਦਿਨ ਹੀ ਖਤਮ ਹੋ ਗਿਆ, ਪਰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਟੇਡੀਅਮ ਦੀ ਪਿੱਚ ਨੂੰ ਖ਼ਰਾਬ ਰੇਟਿੰਗ ਦਿੱਤੀ। ਹੁਣ ਬੀਸੀਸੀਆਈ (BCCI) ਇਸ ਫੈਸਲੇ ਖ਼ਿਲਾਫ਼ ਆਈਸੀਸੀ ਕੋਲ ਅਪੀਲ ਕਰ ਸਕਦਾ ਹੈ।

ਆਈਸੀਸੀ ਦੁਆਰਾ ਪਿੱਚ ਨੂੰ ਖ਼ਰਾਬ ਰੇਟਿੰਗ ਦਿੱਤੇ ਜਾਣ ਤੋਂ ਬਾਅਦ ਬੀਸੀਸੀਆਈ ਕੋਲ ਅਪੀਲ ਕਰਨ ਲਈ ਹੁਣ 14 ਦਿਨ ਹਨ। ਬੀਸੀਸੀਆਈ 14 ਦਿਨਾਂ ਵਿੱਚ ਰੇਟਿੰਗ ਖ਼ਿਲਾਫ਼ ਅਪੀਲ ਕਰ ਸਕਦਾ ਹੈ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਫਿਰ ਫੈਸਲਾ ਕਰਨਗੇ।

ਮੈਚ ਦੇ ਪਹਿਲੇ ਓਵਰ ਵਿੱਚ ਪੰਜਵੀਂ ਗੇਂਦ ਤੋਂ ਹੀ ਪਿੱਚ ਟੁੱਟਣੀ ਸ਼ੁਰੂ ਹੋ ਗਈ। ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਵੀ ਦੱਸਿਆ ਕਿ ਪਿੱਚ ਪਹਿਲੇ ਦਿਨ ਤੋਂ ਹੀ ਟੁੱਟਣੀ ਸ਼ੁਰੂ ਹੋ ਗਈ ਸੀ ਅਤੇ ਲਗਾਤਾਰ ਵਿਗੜਦੀ ਜਾ ਰਹੀ ਸੀ। ਆਈਸੀਸੀ ਮੈਚ ਰੈਫਰੀ ਨੇ ਪਿੱਚ ਨੂੰ ਖ਼ਰਾਬ ਰੇਟਿੰਗ ਦਿੱਤੀ ਹੈ। ਇਸ ਦੇ ਨਾਲ ਹੀ ਹੋਲਕਰ ਸਟੇਡੀਅਮ ਨੂੰ 3 ਡੀਮੈਰਿਟ ਅੰਕ ਵੀ ਦਿੱਤੇ ਗਏ। ਬ੍ਰਾਡ ਨੇ ਕਿਹਾ ਕਿ ਪਿੱਚ ਬਹੁਤ ਖੁਸ਼ਕ ਸੀ। ਸਪਿਨਰਾਂ ਨੂੰ ਕਾਫੀ ਮਦਦ ਮਿਲੀ, ਪਰ ਇਹ ਬੱਲੇਬਾਜ਼ ਅਤੇ ਗੇਂਦਬਾਜ਼ ਵਿਚਕਾਰ ਬਰਾਬਰੀ ਦਾ ਮੁਕਾਬਲਾ ਨਹੀਂ ਸੀ।

ਜੇਕਰ ਅਪੀਲ ਨਹੀਂ ਕੀਤੀ ਜਾਂਦੀ ਹੈ, ਤਾਂ ਸਟੇਡੀਅਮ ‘ਤੇ 3 ਡੀਮੈਰਿਟ ਪੁਆਇੰਟ ਰਹਿਣਗੇ। ਜੇਕਰ ਕਿਸੇ ਸਟੇਡੀਅਮ ਨੂੰ 5 ਸਾਲਾਂ ਦੇ ਅੰਦਰ 5 ਡੀਮੈਰਿਟ ਅੰਕ ਮਿਲ ਜਾਂਦੇ ਹਨ, ਤਾਂ ਉਸ ਸਟੇਡੀਅਮ ‘ਤੇ ਇਕ ਸਾਲ ਲਈ ਅੰਤਰਰਾਸ਼ਟਰੀ ਕ੍ਰਿਕਟ ਦੀ ਮੇਜ਼ਬਾਨੀ ਕਰਨ ‘ਤੇ ਪਾਬੰਦੀ ਲਗਾਈ ਜਾਂਦੀ ਹੈ।

Scroll to Top