ਚੰਡੀਗੜ੍ਹ 01, ਫ਼ਰਵਰੀ 2023: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪਣੀ ਕੈਬਿਨਟ ਵਿੱਚ ਸ਼ਾਮਲ ਕਰਨ ਲਈ ਵਿਧਾਇਕਾਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਦੇ ਨਾਂ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਭੇਜ ਦਿੱਤੇ ਹਨ । ‘ਆਪ’ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫੇ ਤੋਂ ਬਾਅਦ ‘ਆਪ’ ਵਿਧਾਇਕ ਸੌਰਭ ਭਾਰਦਵਾਜ ਕੇਜਰੀਵਾਲ ਸਰਕਾਰ ‘ਚ ਮੰਤਰੀ ਬਣ ਜਾਣਗੇ। ਆਤਿਸ਼ੀ ਨੂੰ ਵੀ ਮੰਤਰੀ ਮੰਡਲ ‘ਚ ਜਗ੍ਹਾ ਮਿਲੇਗੀ। ਅਰਵਿੰਦ ਕੇਜਰੀਵਾਲ ਨੇ ਦੋਵਾਂ ਨੂੰ ਮੰਤਰੀ ਨਿਯੁਕਤ ਕਰਨ ਲਈ ਫਾਈਲ ਐੱਲਜੀ ਨੂੰ ਭੇਜ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਤੋਂ ਝਟਕਾ ਮਿਲਣ ਤੋਂ ਬਾਅਦ ਸੀਬੀਆਈ ਦੇ ਹੱਥੋਂ ਫੜੇ ਗਏ ਮਨੀਸ਼ ਸਿਸੋਦੀਆ ਨੇ ਮੰਗਲਵਾਰ ਦੁਪਹਿਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਸਤੇਂਦਰ ਜੈਨ ਨੇ ਵੀ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੇ ਦੋਵਾਂ ਸੀਨੀਅਰ ਮੰਤਰੀਆਂ ਦੇ ਅਸਤੀਫ਼ੇ ਵੀ ਪ੍ਰਵਾਨ ਕਰ ਲਏ ਹਨ।
ਮਨੀਸ਼ ਸਿਸੋਦੀਆ ਦੇ ਸਾਰੇ 18 ਵਿਭਾਗ ਦਿੱਲੀ ਸਰਕਾਰ ਦੇ ਮੰਤਰੀਆਂ ਕੈਲਾਸ਼ ਗਹਿਲੋਤ ਅਤੇ ਰਾਜਕੁਮਾਰ ਆਨੰਦ ਵਿਚਕਾਰ ਵੰਡੇ ਜਾਣਗੇ। ਦੂਜੇ ਪਾਸੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਦੱਸਿਆ ਕਿ ਭਾਵੇਂ ਦੋਵਾਂ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਪਰ ਦਿੱਲੀ ਸਰਕਾਰ ਤੇ ‘ਆਪ’ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਸ ਦੇ ਨਾਲ ਹੀ ਸੌਰਭ ਨੇ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਦਿੱਲੀ ਕੈਬਿਨਟ ‘ਚ ਦੋ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ।
ਮਨੀਸ਼ ਸਿਸੋਦੀਆ ਕੋਲ ਸਨ 18 ਵਿਭਾਗ
ਇਨ੍ਹਾਂ ਵਿੱਚ ਸਿੱਖਿਆ, ਵਿੱਤ, ਯੋਜਨਾ, ਭੂਮੀ ਅਤੇ ਇਮਾਰਤ, ਸੇਵਾਵਾਂ, ਸੈਰ-ਸਪਾਟਾ, ਕਲਾ-ਸਭਿਆਚਾਰ ਅਤੇ ਭਾਸ਼ਾ, ਜਾਗਰੂਕਤਾ, ਕਿਰਤ ਅਤੇ ਰੁਜ਼ਗਾਰ, ਲੋਕ ਨਿਰਮਾਣ ਵਿਭਾਗ ਤੋਂ ਇਲਾਵਾ ਸਿਹਤ, ਉਦਯੋਗ, ਬਿਜਲੀ, ਗ੍ਰਹਿ, ਸ਼ਹਿਰੀ ਵਿਕਾਸ, ਸਿੰਚਾਈ ਅਤੇ ਹੜ੍ਹ ਕੰਟਰੋਲ ਅਤੇ ਜਲ ਵਿਭਾਗ ਸ਼ਾਮਲ ਹਨ। ਸਿਸੋਦੀਆ ਦਿੱਲੀ ਸਰਕਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਮੰਤਰੀ ਸਨ। ਸੂਬਾ ਸਰਕਾਰ ਦੇ ਸਾਰੇ ਵੱਡੇ ਮੰਤਰਾਲੇ ਉਨ੍ਹਾਂ ਦੇ ਕੋਲ ਸਨ। ਸਿਸੋਦੀਆ ਮੁੱਖ ਮੰਤਰੀ ਕੇਜਰੀਵਾਲ (Arvind Kejriwal) ਦੇ ਸਭ ਤੋਂ ਭਰੋਸੇਮੰਦ ਨੇਤਾ ਹਨ।
ਸਤੇਂਦਰ ਜੈਨ ਦੇ ਕੋਲ ਛੇ ਵਿਭਾਗ
ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਛੇ ਵਿਭਾਗ ਵੀ ਸਿਸੋਦੀਆ ਹੀ ਸੰਭਾਲ ਰਹੇ ਸਨ। ਸਤੇਂਦਰ ਜੈਨ ਦਿੱਲੀ ਸਰਕਾਰ ਵਿੱਚ ਸਿਹਤ ਮੰਤਰੀ ਸਨ। ਗ੍ਰਿਫਤਾਰੀ ਦੇ ਕਰੀਬ ਨੌਂ ਮਹੀਨੇ ਬਾਅਦ ਜੈਨ ਨੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।