ਹਵਾਈ ਸੈਨਾ

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਹਵਾਈ ਸੈਨਾ ਨੇ ਸੰਭਾਲਿਆ ਮੋਰਚਾ

ਚੰਡੀਗੜ੍ਹ 01 ਮਾਰਚ 2022: ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਮੋਦੀ ਸਰਕਾਰ ਨੇ ਆਪਰੇਸ਼ਨ ਗੰਗਾ ‘ਚ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਦੇ ਅਨੁਸਾਰ ਹਵਾਈ ਸੈਨਾ ਦੇ ਜਹਾਜ਼ਾਂ ਦੀ ਵਰਤੋਂ ਯੂਕਰੇਨ ਲਈ ਮਨੁੱਖੀ ਸਹਾਇਤਾ ਸਮੱਗਰੀ ਲਿਜਾਣ ਲਈ ਵੀ ਕੀਤੀ ਜਾਵੇਗੀ। ਇਹ ਜਹਾਜ਼ ਭਾਰਤ ਤੋਂ ਰਾਹਤ ਸਮੱਗਰੀ ਲੈ ਕੇ ਜਾਣਗੇ ਅਤੇ ਵਾਪਸੀ ਦੌਰਾਨ ਉਥੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣਗੇ।

ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਕੰਮ ਨੂੰ ਤੇਜ਼ ਕਰਨ ਲਈ ਹਵਾਈ ਫੌਜ ਦੀ ਵਰਤੋਂ ਕੀਤੀ ਜਾਵੇ। ਇਸ ਦੇ ਲਈ ਆਪਰੇਸ਼ਨ ਗੰਗਾ ‘ਚ ਹਵਾਈ ਸੈਨਾ ਦੇ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਹਵਾਈ ਸੈਨਾ ਮੰਗਲਵਾਰ ਤੋਂ ਹੀ ਇਸ ਦੇ ਲਈ ਆਪਣੇ ਵੱਡੇ ਕਾਰਗੋ ਜਹਾਜ਼ ਸੀ-17 ਦੀ ਵਰਤੋਂ ਕਰੇਗੀ।

ਇਨ੍ਹਾਂ ਜਹਾਜ਼ਾਂ ਨੂੰ ਸੰਚਾਲਨ ‘ਚ ਸ਼ਾਮਲ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੂੰ ਇੱਕੋ ਸਮੇਂ ਵਾਪਸ ਲਿਆਂਦਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਕ ਅਹਿਮ ਫੈਸਲੇ ‘ਚ ਸਰਕਾਰ ਨੇ ਆਪਣੇ ਚਾਰ ਮੰਤਰੀਆਂ ਨੂੰ ਯੂਕਰੇਨ ਨਾਲ ਲੱਗਦੇ ਗੁਆਂਢੀ ਦੇਸ਼ਾਂ ‘ਚ ਭੇਜਣ ਦਾ ਫੈਸਲਾ ਕੀਤਾ ਸੀ। ਇਸਦਾ ਉਦੇਸ਼ ਯੂਕਰੇਨ ਤੋਂ ਗੁਆਂਢੀ ਦੇਸ਼ਾਂ ਵਿੱਚ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਇੱਕ ਆਸਾਨ ਅਤੇ ਸੁਰੱਖਿਅਤ ਤਰੀਕੇ ਨਾਲ ਸੜਕ ਰਾਹੀਂ ਲਿਆਉਣਾ ਹੈ।

Scroll to Top