ਡਾ. ਰਤਨ ਸਿੰਘ ਜੱਗੀ

ਡਾ. ਰਤਨ ਸਿੰਘ ਜੱਗੀ ਨੂੰ ‘ਪਦਮ ਸ੍ਰੀ ਪੁਰਸਕਾਰ’ ਦੇ ਐਲਾਨ ਉਪਰੰਤ ਯੂਨੀਵਰਸਿਟੀ ਵਿਖੇ ਖੁਸ਼ੀ ਦਾ ਮਾਹੌਲ

ਪਟਿਆਲਾ, 26 ਜਨਵਰੀ 2023: ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਅਤੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ‘ਪਦਮ ਸ੍ਰੀ ਪੁਰਸਕਾਰ’ ਦਿੱਤੇ ਜਾਣ ਦੇ ਐਲਾਨ ਉਪਰੰਤ ਯੂਨੀਵਰਸਿਟੀ ਵਿਖੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਲੰਬਾ ਸਮਾਂ ਡਾ. ਜੱਗੀ ਦੀ ਕਰਮਭੂਮੀ ਰਹੀ ਹੈ। ਖੋਜ, ਸਮੀਖਿਆ ਅਤੇ ਚਿੰਤਨ ਦੇ ਵਧੇਰੇ ਕਾਰਜ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਕੇ ਹੀ ਸੰਪੰਨ ਕੀਤੇ ਹਨ। ਪਿਛਲੇ ਸਾਲ ਸਥਾਪਨਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਹੈ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਉਨ੍ਹਾਂ ਨੂੰ ‘ਪਦਮ ਸ੍ਰੀ ਪੁਰਸਕਾਰ’ ਮਿਲਣ ਉੱਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਤਾਉਮਰ ਕੀਤੀ ਮਿਹਨਤ ਨੂੰ ਕੌਮੀ ਪੱਧਰ ਉੱਤੇ ਪਛਾਣ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਪ੍ਰੋ. ਰਤਨ ਸਿੰਘ ਜੱਗੀ 95 ਸਾਲ ਦੇ ਹਨ ਅਤੇ ਉਹ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਚੱਲ ਰਹੇ ਕਾਰਜਾਂ ਦੀ ਕਾਮਯਾਬੀ ਦੀ ਕਾਮਨਾ ਵੀ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਪਤੀ ਉਹਨਾਂ ਲਈ ਵਿਅਕਤੀਗਤ ਤੌਰ ਉੱਤੇ ਅਤੇ ਪੰਜਾਬੀ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਡਾ. ਜੱਗੀ ਜਿਹੀਆਂ ਸ਼ਖ਼ਸੀਅਤਾਂ ਦਾ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਯੂਨੀਵਰਸਿਟੀ ਕੋਲ ਕਿੰਨੀ ਅਮੀਰ ਵਿਰਾਸਤ ਹੈ।

ਜ਼ਿਕਰਯੋਗ ਹੈ ਕਿ ਡਾ. ਰਤਨ ਸਿੰਘ ਜੱਗੀ ਸਾਹਿਤ ਅਤੇ ਵਿਸ਼ੇਸ਼ ਤੌਰ ਉੱਤੇ ਗੁਰਮਤਿ ਸਾਹਿਤ ਦੇ ਖੇਤਰ ਵਿੱਚ ਵੱਡੇ ਵਿਦਵਾਨ ਹਨ। ਉਨ੍ਹਾਂ ਹੁਣ ਤੱਕ ਆਪਣੇ ਜੀਵਨ ਕਾਲ ਦਾ ਸੱਤ ਦਹਾਕਿਆਂ ਤੋਂ ਵੱਧ ਦਾ ਸਮਾਂ ਇਨ੍ਹਾਂ ਖੇਤਰਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਵੱਲੋਂ ਰਚਿਤ ਗ੍ਰੰਥ ‘ਪੰਜਾਬੀ ਸਾਹਿਤ ਸੰਦਰਭ ਕੋਸ਼’, ਜੋ ਕਿ ਸਾਹਿਤ ਅਤੇ ਖੋਜ ਦੇ ਖੇਤਰ ਦਾ ਚਰਚਿਤ ਗ੍ਰੰਥ ਹੈ, ਨੂੰ 1994 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਕਰਵਾਇਆ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖਿਤ ‘ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ’ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਹੀ ਛਾਪਿਆ। ਇਸੇ ਤਰ੍ਹਾਂ ਡਾ. ਜੱਗੀ ਵਲੋਂ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ। ਇਸ ਤੋਂ ਇਲਾਵਾ ਉਨ੍ਹਾਂ ‘ਸਿੱਖ ਪੰਥ ਵਿਸ਼ਵਕੋਸ਼’, ‘ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ’ (ਪੰਜ ਭਾਗ) ਅਤੇ ‘ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਆਦਿ ਬਹੁਤ ਸਾਰੇ ਮੁੱਲਵਾਨ ਗ੍ਰੰਥਾਂ ਅਤੇ ਪੁਸਤਕਾਂ ਦੀ ਰਚਨਾ ਕੀਤੀ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਪ੍ਰਕਾਸ਼ਿਤ ਹਨ।

Scroll to Top