ਹਰਪ੍ਰੀਤ ਸਿੰਘ ਬੇਦੀ

‘ਆਪ’ ਆਗੂ ਹਰਪ੍ਰੀਤ ਸਿੰਘ ਬੇਦੀ ਵੱਲੋਂ ਖ਼ਾਲਿਸਤਾਨ ਦੀ ਹਿਮਾਇਤ ‘ਚ ਟਵੀਟ, ਪਾਰਟੀ ਨੇ ਕੀਤਾ ਬਰਖ਼ਾਸਤ

ਚੰਡੀਗੜ੍ਹ 02 ਮਈ 2022: ਆਮ ਆਦਮੀ ਪਾਰਟੀ ਆਗੂ ਵਲੋਂ ਵੱਖਰੇ ਖ਼ਾਲਿਸਤਾਨ ਦੀ ਮੰਗ ਕਰਨਾ ਮਹਿੰਗਾ ਪਿਆ | ਜਿਸਦੇ ਚੱਲਦੇ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਨੇ ਸੋਸ਼ਲ ਮੀਡੀਆ ਵਿੰਗ ਦੇ ਸੂਬਾ ਪ੍ਰਧਾਨ ਰਹੇ ਹਰਪ੍ਰੀਤ ਸਿੰਘ ਬੇਦੀ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰ ਦਿੱਤਾ ਗਿਆ | ਇਸ ਪੂਰੇ ਮਾਮਲੇ ਨੂੰ ਲੈ ਕੇ ‘ਆਪ’ ਪਾਰਟੀ ਨੇ ਕਿਹਾ ਕਿ ਬੇਦੀ ਦੀ ਵਿਚਾਰਧਾਰਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ‘ਆਪ’ ਪਾਰਟੀ ਨੇ ਬੇਦੀ ਦੇ ਟਵੀਟ ਤੋਂ ਕਿਨਾਰਾ ਕੀਤਾ ਹੈ।

ਜਿਕਰਯੋਗ ਹੈ ਕਿ ਹਿਮਾਚਲ ਲਈ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਧਾਨ ਬਣਨ ਮਗਰੋਂ ਬੇਦੀ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਸਨ। ਹਾਲਾਂਕਿ ਇਨ੍ਹਾਂ ਟਵੀਟ ਦੇ ਵਾਇਰਲ ਹੋਣ ਮਗਰੋਂ ‘ਆਪ’ ਪਾਰਟੀ ਡੈਮੇਜ ਕੰਟਰੋਲ ਮੋਡ ’ਚ ਚੱਲੀ ਗਈ, ਜਿਸ ਕਾਰਨ ‘ਆਪ’ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਆਪਣੇ ਮਹਾਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ’ਚ ਵਿਸ਼ਵਾਸ ਕਰਦੇ ਹਾਂ। ਪਾਰਟੀ ਸਾਡੇ ਦੇਸ਼ ਖ਼ਿਲਾਫ ਕੁਝ ਵੀ ਲਿਖਣ ਵਾਲੇ ਨੂੰ ਬਰਦਾਸ਼ਤ ਨਹੀਂ ਕਰੇਗੀ। ਪਾਰਟੀ ਬੇਦੀ ਨੂੰ ਬਰਖ਼ਾਸਤ ਕਰਦੀ ਹੈ ਅਤੇ ਉਨ੍ਹਾਂ ਖਿਲਾਫ਼ ਜਾਂਚ ਕਰੇਗੀ।

ਜਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਬੇਦੀ ਨੇ ਵੱਖਰੇ ਖਾਲਿਸਤਾਨ ਦੀ ਹਮਾਇਤ ਨੂੰ ਲੈ ਕੇ ਕਈ ਟਵੀਟ ਕੀਤੇ ਸਨ। ਉਨ੍ਹਾਂ ਨੇ ਵੱਖਰੇ ਖਾਲਿਸਤਾਨ ਦੀ ਮੰਗ ਨੂੰ ਆਪਣਾ ਸੰਵਿਧਾਨਕ ਹੱਕ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ’ਚ ਖਾਲਿਸਤਾਨ ਰਾਸ਼ਟਰ ਅਤੇ ਕਰੰਸੀ ਦੀ ਵੀ ਗੱਲ ਕੀਤੀ ਸੀ। ਟਵੀਟ ਵਾਇਰਲ ਹੋਣ ਮਗਰੋਂ ਇਨ੍ਹਾਂ ਟਵੀਟ ਨੂੰ ਹਟਾ ਦਿੱਤਾ ਗਿਆ |

Scroll to Top