ਅੰਮ੍ਰਿਤਸਰ, 06 ਮਾਰਚ 2023: ਅੰਮ੍ਰਿਤਸਰ (Amritsar) ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿਚ ਦੋ ਨੌਜਵਾਨਾਂ ਦੀ ਝੜੱਪ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ, ਪ੍ਰਾਪਤ ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ ਵਿਚ ਦੂਸਰੀ ਮੰਜ਼ਲ ਤੋਂ ਹੇਠਾਂ ਡਿੱਗਣ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦੋ ਨੌਜਵਾਨਾਂ ਵਿਚਾਲੇ ਝੜੱਪ ਹੋਈ ਹੈ | ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿਚ ਗਾਰਡ ਵਜੋਂ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਦਾ ਭਰਾ ਰਾਜਬੀਰ ਸਿੰਘ ਆਪਣੇ ਭਰਾ ਨੂੰ ਰੋਟੀ ਦੇਣ ਆਇਆ ਸੀ ਅਤੇ ਦੂਜੇ ਪਾਸੇ ਸਤਿੰਦਰ ਸਿੰਘ ਨਾਮਕ ਵਿਅਕਤੀ ਉਸਦੀ ਪਤਨੀ ਹਸਪਤਾਲ ਵਿੱਚ ਦਾਖਲ ਸੀ, ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਰਾਜਬੀਰ ਸਿੰਘ ਅਤੇ ਸਤਿੰਦਰ ਸਿੰਘ ਵਿਚਾਲੇ ਝਗੜਾ ਹੋ ਗਿਆ |
ਇਸ ਝਗੜੇ ਦੌਰਾਨ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਰਕੇ ਪੁਲਿਸ ਮੁਲਾਜ਼ਮ ਦੇ ਭਰਾ ਰਾਜਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸਤਿੰਦਰ ਸਿੰਘ ਨਾਮਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ | ਜ਼ਖਮੀ ਨੌਜਵਾਨ ਦਾ ਜ਼ੇਰੇ ਇਲਾਜ ਹੈ | ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਅਜਿਹੇ ਬਿਆਨ ਦੇਣ ਦੇ ਹਾਲਾਤ ਵਿੱਚ ਨਹੀਂ ਹਨ ਅਤੇ ਫਿਲਹਾਲ ਜ਼ਖਮੀ ਵਿਅਕਤੀ ਦੇ ਬਿਆਨ ਲੈਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |