Dr. Inderbir Singh Nijjar

ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਾਂਝੀ ਕਾਰਵਾਈ ਕਮੇਟੀ ਬਣਾਈ ਜਾਵੇਗੀ: ਡਾ. ਇੰਦਰਬੀਰ ਸਿੰਘ ਨਿੱਝਰ

ਚੰਡੀਗੜ੍ਹ, 6 ਫਰਵਰੀ 2023: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ, (Dr. Inderbir Singh Nijjar) ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵੱਲੋਂ ਜੀ-20 ਸੰਮੇਲਨ ਸਬੰਧੀ ਅੰਮ੍ਰਿਤਸਰ ਸ਼ਹਿਰ ਵਿਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਮੀਟਿੰਗ ਕੀਤੀ ਗਈ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਰਵਰੀ ਦੇ ਅੰਤ ਤੱਕ ਸਾਰੇ ਕੰਮ ਮੁਕੰਮਲ ਕਰ ਲਏ ਜਾਣ ਅਤੇ ਕੰਮਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਕੰਮ ਸਿਰਫ਼ ਜੀ-20 ਕਰਕੇ ਹੀ ਨਹੀਂ ਕੀਤੇ ਜਾਣੇ ਚਾਹੀਦੇ, ਸਗੋਂ ਵਧੀਆ ਗੁਣੱਵਤਾ ਦੇ ਹੋਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਵਿਕਾਸ ਕਾਰਜਾਂ ਦਾ ਲੋਕਾਂ ਨੂੰ ਲੰਮੇਂ ਸਮੇਂ ਤੱਕ ਲਾਭ ਮਿਲ ਸਕੇ।

ਡਾ. ਨਿੱਝਰ (Dr. Inderbir Singh Nijjar) ਨੇ ਅਧਿਕਾਰੀਆਂ ਨੂੰ ਪੁਰਾਣੇ ਤਰੀਕਿਆਂ ਦੀ ਥਾਂ ਨਵੀਂ ਸੋਚ ਅਤੇ ਨਵੇਂ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੇ ਮੱਦੇਨਜ਼ਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਹੈ। ਸ਼ਹਿਰ ਦੇ ਟ੍ਰੈਫਿਕ ਪ੍ਰਬੰਧਾਂ ਸਬੰਧੀ ਡਾ. ਨਿੱਝਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਦੇ ਮੈਂਬਰਾਂ ਦੀ ਸਾਂਝੀ ਐਕਸ਼ਨ ਕਮੇਟੀ ਬਣਾਈ ਜਾਵੇਗੀ, ਜਿਸ ਨਾਲ ਸ਼ਹਿਰ ‘ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਟਰੈਫ਼ਿਕ ਵਿਵਸਥਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਮਿਲੇਗੀ।

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਬੀ.ਆਰ.ਟੀ.ਐਸ. ਦੀਆਂ ਟੁੱਟੀਆਂ ਗਰਿੱਲਾਂ ਦੀ ਥਾਂ ਤੁਰੰਤ ਨਵੀਆਂ ਗਰਿੱਲਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਬੀ.ਆਰ.ਟੀ.ਐਸ. ਰੂਟ ’ਤੇ ਕੋਈ ਹੋਰ ਵਾਹਨ ਨਹੀਂ ਚੱਲਣਾ ਚਾਹੀਦਾ, ਸਿਰਫ਼ ਬੀ.ਆਰ.ਟੀ.ਐਸ. ਬੱਸਾਂ ਹੀ ਚੱਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਆਰ.ਟੀ.ਐਸ. ਵਿੱਚ ਆਵਾਜਾਈ ਨੂੰ ਕੰਟਰੋਲ ਕਰਨ ਲਈ ਬੂਮ ਬੈਰੀਅਰ ਵੀ ਲਗਾਏ ਜਾਣ।

ਇਸ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਮੁੱਖ ਪ੍ਰਸ਼ਾਸਕ ਪੁੱਡਾ ਰਜਤ ਓਬਰਾਏ, ਐਸ.ਡੀ.ਐਮ ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਐਸ.ਪੀ. ਅਮਨਦੀਪ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Scroll to Top