ਲੁਧਿਆਣਾ ਦੇ ਸਿਵਲ ਹਸਪਤਾਲ ‘ਚੋਂ ਇੱਕ ਬੱਚਾ ਚੋਰੀ, ਬੱਚੇ ਦੀ ਭਾਲ ‘ਚ ਜੁਟੀ ਪੁਲਿਸ

Ludhiana

ਚੰਡੀਗੜ੍ਹ,17 ਅਪ੍ਰੈਲ 2023: ਪੰਜਾਬ ਦੇ ਜ਼ਿਲਾ ਲੁਧਿਆਣਾ (Ludhiana) ਦੇ ਸਿਵਲ ਹਸਪਤਾਲ ‘ਚੋਂ ਸੋਮਵਾਰ ਤੜਕੇ 3:15 ਵਜੇ ਦੇ ਕਰੀਬ ਤਿੰਨ ਦਿਨ ਦਾ ਬੱਚਾ ਚੋਰੀ ਹੋ ਗਿਆ। ਹਸਪਤਾਲ ਵਿੱਚ ਲੱਗੇ ਕੈਮਰਿਆਂ ਅਨੁਸਾਰ 12:04 ਵਜੇ ਇੱਕ ਆਦਮੀ ਅਤੇ ਇੱਕ ਔਰਤ ਓਟੀ ਕੰਪਲੈਕਸ ਵਿੱਚ ਆਰਾਮ ਕਰਨ ਲਈ ਰੁਕੇ ਸਨ । ਦੱਸਿਆ ਜਾ ਰਿਹਾ ਹੈ ਕਿ ਔਰਤ ਇਹ ਕਹਿ ਕੇ ਵਾਰਡ ‘ਚ ਦਾਖਲ ਹੋਈ ਕਿ ਉਹ ਇਕ ਮਰੀਜ਼ ਨੂੰ ਮਿਲਣ ਜਾ ਰਹੀ ਹੈ, ਜਿਸ ਦਾ ਆਪਰੇਸ਼ਨ ਹੋਇਆ ਹੈ। ਜਦੋਂ ਸਟਾਫ ਨੇ ਉਸ ਨੂੰ ਮਰੀਜ਼ ਦਾ ਨਾਂ ਪੁੱਛਿਆ ਤਾਂ ਉਸ ਨਾਂ ਦਾ ਕੋਈ ਮਰੀਜ਼ ਨਹੀਂ ਸੀ, ਪਰ ਫਿਰ ਉਹ ਮਹਿਲਾ ਵਾਰਡ ਵਿਚ ਦਾਖਲ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਔਰਤ ਖੇਡਣ ਦੇ ਬਹਾਨੇ ਬੱਚੇ ਨੂੰ ਚੁੱਕ ਕੇ ਲੈ ਗਈ ਅਤੇ ਮੌਕਾ ਦੇਖ ਕੇ ਰਾਤ ਨੂੰ ਉਕਤ ਵਿਅਕਤੀ ਸਮੇਤ ਫ਼ਰਾਰ ਹੋ ਗਈ। ਕੁਝ ਸਮੇਂ ਬਾਅਦ ਜਦੋਂ ਮਹਿਲਾ ਸ਼ਬਨਮ ਵਾਸੀ ਕਾਰਾਬਰਾ ਰੋਡ ਬੈੱਡ ਤੋਂ ਉੱਠੀ ਤਾਂ ਉਹ ਹੈਰਾਨ ਰਹਿ ਗਈ। ਔਰਤ ਬੱਚੇ ਨੂੰ ਨੇੜੇ ਨਾ ਦੇਖ ਕੇ ਉੱਚੀ-ਉੱਚੀ ਰੌਲਾ ਪਾ ਦਿੱਤਾ ।

ਦੂਜੇ ਪਾਸੇ ਐਸ.ਐਮ.ਓ ਦੀਪਿਕਾ ਗੋਇਲ ਨੇ ਕਿਹਾ ਕਿ ਬੱਚੇ ਦੀ ਚੋਰੀ ਬਹੁਤ ਦੁੱਖ ਦੀ ਗੱਲ ਹੈ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ । ਸੀਸੀਟੀਵੀ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਇੱਕ ਮਹੀਨੇ ਵਿੱਚ 800 ਤੋਂ 900 ਬੱਚੇ ਪੈਦਾ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਟਾਫ ‘ਤੇ ਕੰਮ ਦਾ ਬੋਝ ਵੀ ਜ਼ਿਆਦਾ ਹੈ। ਜਿਸ ਕਾਰਨ ਦੇਰ ਰਾਤ ਇਹ ਘਟਨਾ ਵਾਪਰੀ ਹੈ। ਪਰ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਦਾ ਜਨਮ ਸ਼ੁੱਕਰਵਾਰ ਨੂੰ ਹੋਇਆ ਸੀ। ਸੀਸੀਟੀਵੀ ਫੁਟੇਜ ਮੁਤਾਬਕ ਬੱਚਾ ਚੋਰੀ ਕਰਨ ਵਾਲੀ ਔਰਤ ਦੀ ਪਛਾਣ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਮਾਂ ਬੱਚੇ ਦੀ ਭਾਲ ਵਿੱਚ ਜੁਟ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਬੱਚੇ ਨੂੰ ਸੁਰੱਖਿਅਤ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਜਾਵੇਗਾ।

Leave a Reply

Your email address will not be published. Required fields are marked *