ਚੋਲਾ ਸਾਹਿਬ

ਮੇਲਾ ਚੋਲਾ ਸਾਹਿਬ ਵੇਖਣ ਗਏ 20 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਕੀਤਾ ਕਤਲ

ਬਟਾਲਾ, 07 ਮਾਰਚ 2023: ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਜੋੜ ਮੇਲਾ ਚੋਲਾ ਸਾਹਿਬ ਦੇਖਣ ਗਏ ਪਿੰਡ ਹਰੁਵਾਲ ਦੇ 20 ਸਾਲਾ ਨੌਜਵਾਨ ਰੁਪਿੰਦਰ ਸਿੰਘ ਦਾ ਕੁਝ ਨੌਜਵਾਨਾਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ |

ਉਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਆਪਣੇ ਜਵਾਨ ਪੁੱਤ ਦੇ ਕਤਲ ਦਾ ਇਨਸਾਫ਼ ਮੰਗ ਰਿਹਾ ਹੈ | ਪੁਲਿਸ ਵਲੋਂ ਇਸ ਵਾਰਦਾਤ ਨੂੰ ਲੈ ਕੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਹਮਲਾ ਕਰਨ ਵਾਲੇ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ |

ਮ੍ਰਿਤਕ ਦੇ ਭਰਾ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਘਰੋਂ ਮੇਲਾ ਵੇਖਣ ਲਈ ਗਿਆ ਸੀ ਲੇਕਿਨ ਉਥੇ ਕੁਝ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਦੇ ਚੱਲਦੇ ਉਸਦੀ ਮੌਤ ਹੋ ਗਈ | ਇਸ ਮਾਮਲੇ ‘ਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਐਸਐਚਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਵਲੋਂ ਕਤਲ ਦਾ ਕੇਸ ਦਰਜ਼ ਕੀਤਾ ਗਿਆ ਹੈ ਅਤੇ ਜਦਕਿ ਹਮਲਾ ਕਰਨ ਵਾਲੇ 4 ਨੌਜਵਾਨਾਂ ਦੀ ਪਹਿਚਾਣ ਹੋਣ ਤੋਂ ਬਾਅਦ ਉਹਨਾਂ ਨੂੰ ਨਾਮਜਦ ਕੀਤਾ ਗਿਆ ਹੈ ਅਤੇ ਕੁਝ ਉਹਨਾਂ ਨਾਲ ਅਣਪਛਾਤੇ ਨੌਜਵਾਨ ਸਾਥੀ ਵੀ ਇਸ ਹਮਲੇ ‘ਚ ਸ਼ਾਮਲ ਸਨ |

ਪੁਲਿਸ ਅਧਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਚ ਨੌਜਵਾਨਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ |ਜਦਕਿ ਪੁਲਿਸ ਅਧਕਾਰੀ ਮੁਤਾਬਿਕ ਸਾਰੇ ਦੋਸ਼ੀ ਫਰਾਰ ਹਨ ਅਤੇ ਉਹਨਾਂ ਦਾਅਵਾ ਕੀਤਾ ਕਿ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ |

Scroll to Top