ਪੰਜਾਬੀ ਮਾਤ ਭਾਸ਼ਾ

ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ‘ਤੇ ਜੋਰ

ਪਟਿਆਲਾ, 30 ਜਨਵਰੀ 2023 : ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬੀ ਮਾਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ‘ਤੇ ਜੋਰ ਦਿੱਤਾ ਹੈ। ਉਹ ਅੱਜ ਇੱਥੇ ਪਟਿਆਲਾ ਵਿਰਾਸਤੀ ਮੇਲੇ ਤਹਿਤ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਕਵੀ ਦਰਬਾਰ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਵਾਲੇ ਇਸ ਕਵੀ ਦਰਬਾਰ ਮੌਕੇ ਪੰਜਾਬੀ ਦੇ ਚੋਟੀ ਦੇ ਪੰਜਾਬੀ, ਹਿੰਦੀ ਤੇ ਪੁਆਧੀ ਕਵੀਆਂ ਨੇ ਸ਼ਮੂਲੀਅਤ ਕੀਤੀ। ਜਦਕਿ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਜ਼ਰਾਈਲ ਦੀ ਭਾਸ਼ਾ ਹੀਬਰਿਊ ਅਤੇ ਉਰਦੂ ਲਈ ਕੰਮ ਕਰਨ ਵਾਲੀ ਸੰਸਥਾ ਰੇਖ਼ਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੇ ਮੁਲਕ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਦੇ ਹਨ ਉਹ ਹਮੇਸ਼ਾਂ ਹੀ ਤਰੱਕੀ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਹੋਰ ਭਾਸ਼ਾਵਾਂ ਵੀ ਜਰੂਰ ਸਿੱਖਣੀਆਂ ਚਾਹੀਦੀਆਂ ਹਨ ਪਰੰਤੂ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

ਸ. ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਅੰਦਰ 21 ਫਰਵਰੀ ਤੱਕ ਸਾਰੇ ਬੋਰਡ ਪੰਜਾਬੀ ‘ਚ ਕੀਤੇ ਜਾਣ ਦੇ ਦਿੱਤੇ ਆਦੇਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਸਰਕਾਰ, ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਭਾਸ਼ਾ ਮੰਤਰੀ ਨੇ ਪੰਜਾਬੀ ਦੇ ਨਾਮਵਰ ਕਵੀਆਂ ਨੂੰ ਸਾਡੀ ਨਵੀਂ ਪੀੜ੍ਹੀ ਦੇ ਰੂਬਰੂ ਕਰਨ ਸਮੇਤ ਪੰਜਾਬੀ ਭਾਸ਼ਾ ਦੇ ਵਧੇਰੇ ਪਸਾਰ ਲਈ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਹਿਤ ਸਭ ਤੋਂ ਪਹਿਲਾ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ‘ਚ ਆਧੁਨਿਕ ਸਹੂਲਤਾਂ ਨਾਲ ਲੈਸ ਸਟੂਡੀਓ ਤੇ ਯੂਟਿਊਬ ਚੈਨਲ ਤਿਆਰ ਕੀਤਾ ਜਾਵੇਗਾ।

ਸ. ਹਰਜੋਤ ਸਿੰਘ ਬੈਂਸ ਨੇ ਵੱਡੇ ਪੱਧਰ ‘ਤੇ ਮੁਕਾਬਲੇਬਾਜ਼ੀ ਵਾਲੇ ਸਮਾਗਮ ਕਰਵਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਲਈ ਵਾਤਾਵਰਣ ਮਿਲ ਸਕੇ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਦੇ ਮਾਮਲੇ ‘ਚ ਕੁਤਾਹੀ ਕੀਤੀ ਹੈ, ਜਿਸ ਨੂੰ ਸੁਧਾਰਨ ਲਈ ਸਾਨੂੰ ਵੱਡੇ ਉਪਰਾਲੇ ਕਰਨ ਦੀ ਲੋੜ ਹੈ।

ਇਸ ਤੋਂ ਪਹਿਲਾਂ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ. ਬੈਂਸ ਨੇ ਕਿਹਾ ਕਿ ਰਾਜ ਭਾਸ਼ਾ ਸਲਾਹਕਾਰ ਬੋਰਡ ‘ਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਅਧਿਆਪਕਾਂ ਦੀ ਭਰਤੀ ਬਾਰੇ ਉਨ੍ਹਾਂ ਕਿਹਾ ਕਿ ਰਾਜ ਦੇ ਕਿਸੇ ਸਕੂਲ ‘ਚ ਅਧਿਆਪਕਾਂ ਦੀ ਕੋਈ ਕਮੀ ਨਹੀਂ ਰਹੇਗੀ। ਜਦਕਿ ਸਕੂਲ ਸਿੱਖਿਆ ਦੇ ਨਾਲ-ਨਾਲ ਤਕਨੀਕੀ ਸਿੱਖਿਆ ਅਤੇ ਉਚੇਰੀ ਸਿੱਖਿਆ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਟਿਆਲਾ ਵਿਰਾਸਤੀ ਮੇਲੇ ਦੀ ਰੂਪ ਰੇਖਾ ਤੇ ਟੀਚਿਆਂ ਬਾਰੇ ਚਾਨਣਾ ਪਾਇਆ। ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਧੰਨਾਵਦ ਕੀਤਾ ਅਤੇ ਵਿਭਾਗ ਦੀਆਂ ਸਰਗਰਮੀਆਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।

ਪਦਮ ਸ੍ਰੀ ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਨ ‘ਚ ਪੰਜਾਬ ਸਰਕਾਰ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਸਰਕਾਰ ਹੋਰਨਾਂ ਖੇਤਰਾਂ ਵਾਂਗ ਪੰਜਾਬੀ ਨੂੰ ਵੀ ਪ੍ਰਫੁੱਲਤ ਕਰਨ ਲਈ ਸੁਹਿਰਦ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਨੇ ਸਾਡੇ ਸ਼ਹਿਰਾਂ, ਕਸਬਿਆਂ ‘ਚ ਸਾਰੇ ਬੋਰਡਾਂ ਉਪਰ ਪੰਜਾਬੀ ਲਾਜਮੀ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ, ਇਸ ਲਈ ਸਾਨੂੰ ਸਭ ਨੂੰ 21 ਫਰਵਰੀ ਤੱਕ ਇਸ ਨੂੰ ਲਾਗੂ ਕਰਨ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ।

ਪਾਤਰ ਨੇ ਕਿਹਾ ਕਿ ਮਨੁੱਖੀ ਜੋ ਗਿਆਨ ਹਾਸਿਲ ਤੇ ਵੰਡ ਸਕਦਾ ਹੈ ਉਸ ਲਈ ਉਸ ਦਾ ਮਾਤ ਭਾਸ਼ਾ ‘ਚ ਪ੍ਰਬੀਨ ਹੋਣਾ ਲਾਜ਼ਮੀ ਹੈ। ਉਨ੍ਹਾਂ ਆਪਣੇ ਵੱਖ-ਵੱਖ ਸ਼ੇਅਰਾਂ, ਖਾਸ ਕਰਕੇ ਰੰਗਾਂ ਦੀ ਕਵਿਤਾ ਰਾਹੀਂ ਵੀ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਕੌਮੀ ਪੱਧਰ ‘ਤੇ ਪ੍ਰਚਾਰਨ ਲਈ ਭਾਸ਼ਾ ਵਿਭਾਗ ਦੀ ਅਹਿਮ ਭੂਮਿਕਾ ਹੈ, ਕਿਉਂਕਿ ਜੋ ਪੁਰਾਤਨ ਸਾਹਿਤ ਭਾਸ਼ਾ ਵਿਭਾਗ ਕੋਲ ਹੈ ਉਹ ਹੋਰ ਕਿਸੇ ਸੰਸਥਾ ਕੋਲ ਨਹੀਂ ਹੈ। ਡਾ. ਜੱਗੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਸਰਕਾਰ ਵੱਲੋਂ ਭਾਸ਼ਾ ਵਿਭਾਗ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਲਿਖਾਰੀਆਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਧੰਨਵਾਦ ਕਰਦਿਆਂ ਵਿਭਾਗ ਦੀ ਸਰਗਰਮੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ।ਇਸ ਮੌਕੇ ਸਾਰੇ ਕਵੀਆਂ ਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।

ਪਟਿਆਲੀ ਵਿਰਾਸਤੀ ਕਵੀ ਦਰਬਾਰ ਮੌਕੇ ਕੁਲਵੰਤ ਸਿੰਘ ਸੈਦੋਕੇ, ਅੰਮ੍ਰਿਤਪਾਲ ਸ਼ੈਦਾ, ਸਾਗਰ ਸੂਦ, ਡਾ. ਹਰਵਿੰਦਰ ਕੌਰ, ਚਰਨ ਪੁਆਧੀ, ਚੰਨ ਪਟਿਆਲਵੀ, ਸਰਬਜੀਤ ਕੌਰ ਜੱਸ, ਗੁਰਦਰਸ਼ਨ ਗੁਸੀਲ, ਪਰਵਿੰਦਰ ਸ਼ੋਖ, ਸੰਤੋਖ ਸੁੱਖੀ, ਕਿਰਨ ਸਿੰਗਲਾ, ਤੇਜਿੰਦਰ ਅਣਜਾਣ, ਸ਼ਤੀਸ਼ ਵਿਦਰੋਹੀ, ਸੁਖਮਿੰਦਰ ਸੇਖੋਂ, ਤਰਲੋਕ ਢਿੱਲੋਂ, ਨਿਰਮਲਾ ਗਰਗ, ਜਸਵੀਰ ਮੀਰਾਂਪੁਰ, ਜੀ.ਐਸ. ਆਨੰਦ, ਸੰਦੀਪ ਕੌਰ ਜੈਸਵਾਲ, ਅਮਰਜੀਤ ਕਾਉਂਕੇ, ਬਲਵਿੰਦਰ ਸੰਧੂ, ਸੁਖਰਾਜ ਸਿੰਘ, ਧਰਮ ਕੰਮੇਆਣਾ, ਜੀ ਐਸ ਉਬਰਾਏ ਆਦਿ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਕਵੀ ਧਰਮ ਕੰਮੇਆਣਾ ਨੇ ਭਾਸ਼ਾ ਵਿਭਾਗ ਨੂੰ ਹੋਰ ਵਧੇਰੇ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ।

ਇਸ ਮੌਕੇ ਭਾਸ਼ਾ ਵਿਭਾਗ ਵੱਲੋਂ 3 ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ ਜਦਕਿ ਵਿਭਾਗ ‘ਚ ਪੰਜਾਬੀ ਯੂਨੀਵਰਸਿਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਪ੍ਰਕਾਸ਼ਕਾਂ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਨੂੰ ਵੀ ਦਰਸ਼ਕਾਂ ਤੇ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਸਮਾਗਮ ਦੀ ਸਫਲਤਾ ਲਈ ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਐਸਡੀਐਮ ਸਮਾਣਾ ਚਰਨਜੀਤ ਸਿੰਘ, ਭਾਸ਼ਾ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਜਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਸਤਨਾਮ ਸਿੰਘ, ਅਮਰਿੰਦਰ ਸਿੰਘ, ਤੇਜਿੰਦਰ ਗਿੱਲ, ਪਰਵੀਨ ਕੁਮਾਰ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਆਦਿ ਨੇ ਭਰਵਾਂ ਯੋਗਦਾਨ ਪਾਇਆ।ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

Scroll to Top