ਚੰਡੀਗੜ, 8 ਨਵੰਬਰ 2024: ਜਸਟਿਸ ਡੀ.ਵਾਈ. ਚੰਦਰਚੂੜ (D.Y. Chandrachud) ਨੂੰ 10 ਨਵੰਬਰ ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋ ਜਾਣਗੇ | ਭਲਕੇ ਯਾਨੀ ਸ਼ਨੀਵਾਰ ਅਤੇ 10 ਤਾਰੀਖ਼ ਨੂੰ ਛੁੱਟੀ ਹੋਣ ਕਰਕੇ ਅੱਜ ਜਸਟਿਸ ਡੀ.ਵਾਈ. ਚੰਦਰਚੂੜ ਦੇ ਸਨਮਾਨ ‘ਚ ਵਿਦਾਇਗੀ ਸਮਾਗਮ ਕਰਵਾਇਆ ਗਿਆ ਹੈ | ਅੱਜ ਸੁਪਰੀਮ ਕੋਰਟ ‘ਚ ਉਨ੍ਹਾਂ ਦਾ ਆਖਰੀ ਕੰਮਕਾਜੀ ਦਿਨ ਹੈ।
ਇਸਦੇ ਨਾਲ ਜਸਟਿਸ ਸੰਜੀਵ ਖੰਨਾ 10 ਨਵੰਬਰ ਨੂੰ ਜਸਟਿਸ ਚੰਦਰਚੂੜ ਦੀ ਥਾਂ ਲੈਣਗੇ। ਉਹ ਦੇਸ਼ ਦੇ 51ਵੇਂ ਚੀਫ਼ ਜਸਟਿਸ ਹੋਣਗੇ, ਜਸਟਿਸ ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ।
ਜਸਟਿਸ ਚੰਦਰਚੂੜ ਨੇ ਵਿਦਾਇਗੀ ਸਮਾਗਮ ‘ਚ ਭਾਵੁਕ ਹੋ ਗਏ | ਉਨ੍ਹਾਂ ਕਿਹਾ ਕਿ ‘ਰਾਤ ਨੂੰ ਮੈਂ ਸੋਚ ਰਿਹਾ ਸੀ ਕਿ ਦੁਪਹਿਰ 2 ਵਜੇ ਅਦਾਲਤ ਖਾਲੀ ਹੋ ਜਾਵੇਗੀ ਅਤੇ ਮੈਂ ਆਪਣੇ ਆਪ ਨੂੰ ਸਕ੍ਰੀਨ ‘ਤੇ ਦੇਖ ਰਿਹਾ ਹੋਵਾਂਗਾ। ਮੈਂ ਤੁਹਾਡੇ ਸਾਰਿਆਂ ਦੀ ਮੌਜੂਦਗੀ ਤੋਂ ਪ੍ਰਭਾਵਿਤ ਹਾਂ। ਸੀਜੇਆਈ ਨੇ ਕਿਹਾ, ‘ਜਦੋਂ ਮੈਂ ਛੋਟਾ ਸੀ, ਮੈਂ ਸੁਪਰੀਮ ਕੋਰਟ ਆਉਂਦਾ ਸੀ ਅਤੇ ਇੱਥੇ ਦੀ ਕਾਰਵਾਈ ਅਤੇ ਅਦਾਲਤ ‘ਚ ਦਿਖਾਈਆਂ ਗਈਆਂ ਦੋ ਤਸਵੀਰਾਂ ਦੇਖਦਾ ਸੀ। ਉਨ੍ਹਾਂ ਕਿਹਾ, ਜਸਟਿਸ ਚਾਗਲਾ ਦਾ ਬੰਬੇ ਹਾਈ ਕੋਰਟ ‘ਚ ਵੀ ਕਾਫ਼ੀ ਪ੍ਰਭਾਵ ਸੀ।
ਜਸਟਿਸ ਚੰਦਰਚੂੜ (D.Y. Chandrachud) ਨੇ ਕਿਹਾ, ‘ਅਸੀਂ ਸਾਰੇ ਇੱਥੇ ਯਾਤਰੀਆਂ ਵਰਗੇ ਹਾਂ, ਜੋ ਕੁਝ ਸਮੇਂ ਲਈ ਆਉਂਦੇ ਹਨ, ਆਪਣਾ ਕੰਮ ਕਰਦੇ ਹਨ ਅਤੇ ਫਿਰ ਚਲੇ ਜਾਂਦੇ ਹਾਂ । ਅਦਾਲਤ ਦੇ ਰੂਪ ‘ਚ ਇਹ ਸੰਸਥਾ ਸਦਾ ਬਣੀ ਰਹੇਗੀ ਅਤੇ ਵੱਖ-ਵੱਖ ਵਿਚਾਰਾਂ ਵਾਲੇ ਲੋਕ ਇਸ ‘ਚ ਆਉਂਦੇ ਰਹਿਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਤੋਂ ਬਾਅਦ ਜਸਟਿਸ ਖੰਨਾ ਇਸ ਸੰਸਥਾ ਨੂੰ ਮਜ਼ਬੂਤੀ ਅਤੇ ਮਾਣ ਨਾਲ ਅੱਗੇ ਲੈ ਕੇ ਜਾਣਗੇ।
ਸੀਜੇਆਈ ਨੇ ਇਹ ਵੀ ਕਿਹਾ ਕਿ ਉਹ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਨਾਲ ਬੈਠਣ ਅਤੇ ਕੰਮ ਕਰਨ ਦੇ ਤਜ਼ਰਬੇ ਨੂੰ ਬਹੁਤ ਯਾਦ ਕਰਨਗੇ। ‘ਇਹ ਅਦਾਲਤ ਹੈ ਜੋ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਸੀ ਅਤੇ ਇਹ ਅਨੁਭਵ ਜ਼ਿੰਦਗੀ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹਨ।’
ਸੀਜੇਆਈ ਨੇ ਅੱਗੇ ਕਿਹਾ, ‘ਮੈਂ ਅੱਜ ਬਹੁਤ ਕੁਝ ਸਿੱਖਿਆ ਹੈ। ਕੋਈ ਵੀ ਕੇਸ ਪਹਿਲਾਂ ਵਰਗਾ ਨਹੀਂ ਹੈ। ਜੇਕਰ ਮੈਂ ਅਦਾਲਤ ‘ਚ ਜੇਕਰ ਕਿਸੇ ਨੂੰ ਕੋਈ ਤਕਲੀਫ਼ ਪਹੁੰਚੀ ਹੋਵੇ, ਤਾਂ ਮੈਂ ਨਿਮਰਤਾ ਨਾਲ ਮੁਆਫ਼ੀ ਮੰਗਦਾ ਹਾਂ। ਸੀਜੇਆਈ ਨੇ ਅੰਤ ‘ਚ ਧੰਨਵਾਦ ਕਰਦੇ ਹੋਏ, ਜਸਟਿਸ ਚੰਦਰਚੂੜ ਨੇ ਕਿਹਾ, ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ, ਤੁਸੀਂ ਇੰਨੀ ਵੱਡੀ ਗਿਣਤੀ ‘ਚ ਇੱਥੇ ਆਏ ਹੋ। ਇਸ ਦੇ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ।