ਜਲੰਧਰ, 31 ਮਾਰਚ 2023: ਪੰਜਾਬੀ ਗੀਤਕਾਰੀ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੇ ਗੀਤਾਂ ਦੀ ਧੁੰਮ ਬਾਲੀਵੁੱਡ ਤੱਕ ਪੈਂਦੀ ਰਹੀ ਹੈ ਤੇ ਜਿੱਥੇ ਪ੍ਰਸਿੱਧ ਗਾਇਕ ਮੁਹੰਮਦ ਰਫੀ ਤੋਂ ਲੈ ਕੇ ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸ਼ਲੇ ਵਰਗੀਆਂ ਨਾਮਵਰ ਗਾਇਕਾਂਵਾਂ ਵਲੋਂ ਉਨ੍ਹਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਗਈੇ ਉੇੱਥੇ ਪੰਜਾਬੀ ਦੀਆਂ ਵੀ ਨਾਮਵਰ ਗਾਇਕਾਵਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਸਮੇਤ ਹੋਰਨਾਂ ਗਾਇਕਾਂ ਦੀ ਆਵਾਜ਼ ‘ਚ ਵੀ ਉਨ੍ਹਾਂ ਦੇ ਗੀਤਾਂ ਅਕਸਰ ਰੇਡੀਓ ‘ਤੇ ਗੂੰਜਦੇ ਰਹੇ ਹਨ।
ਅੱਜ ਲੋਕ ਮੰਚ ਪੰਜਾਬ ਵਲੋਂ ਹੰਸ ਰਾਜ ਮਹਿਲਾ ਮਹਾਂਵਿਦਿਆਲਾ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ‘ਚ ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਨੂੰ ਪਹਿਲਾ ਨੰਦ ਲਾਲ ਨੂਰਪੁਰੀ ਪੁਰਸਕਾਰ (ਜਿਸ ਵਿਚ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹ ਤੋਂ ਇਲਾਵਾ ਇਕ ਲੱਖ ਰੁਪਏ ਸ਼ਾਮਿਲ ਹਨ) ਪ੍ਰਦਾਨ ਕਰਨ ਤੋਂ ਬਾਅਦ ਕਰਦਿਆਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਦਾ ਆਖਰੀ ਸਮਾਂ ਬੇਹੱਦ ਤੰਗੀ ਤੁਰਸ਼ੀ ‘ਚ ਗੁਜਰਿਆ ਤੇ ਉਨ੍ਹਾਂ ਦੀ ਮੌਤ ਵੀ ਬਹੁਤ ਹੀ ਦੁਖਦਾਈ ਢੰਗ ਨਾਲ ਹੋਈ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪੰਜਾਬੀ ਸਾਹਿਤ ਦੇ ਖੇਤਰ ‘ਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਪੂਰੀ ਤਰ੍ਹਾਂ ਨਾਲ ਵਿਸਾਰ ਦਿੱਤਾ ਗਿਆ।
ਉਨ੍ਹਾਂ ਸਰਕਾਰਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨੰਦ ਲਾਲ ਨੂਰਪੁਰੀ ਦੀ ਯਾਦ ‘ਚ ਕੋਈ ਢੁੱਕਵੀਂ ਯਾਦਗਾਰ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਯਾਦਗਾਰ ਜਿੱਥੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਉੱਥੇ ਇਹ ਯਾਦਗਾਰ ਨੌਜਵਾਨਾਂ ਅੰਦਰ ਉਤਸ਼ਾਹ ਭਰਦੀ ਹੋਈ, ਉਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ‘ਚ ਵੀ ਅਹਿਮ ਯੋਗਦਾਨ ਪਾ ਸਕੇਗੀ। ਇਸ ਮੌਕੇ ਉਨ੍ਹਾਂ ਨੰਦ ਲਾਲ ਨੂਰਪੁਰੀ ਦੀਆਂ ਰਚਨਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਉੱਚ ਕੋਟੀ ਦੇ ਸ਼ਾਇਰ ਸਨ ਤੇ ਉਨ੍ਹਾਂ ਦੇ ਗੀਤ ਤੇ ਕਵਿਤਾਵਾਂ ਪੰਜਾਬੀ ਸੱਭਿਆਚਾਰ ਦੀ ਅਸਲ ਤਰਜ਼ਮਾਨੀ ਕਰਦੀਆਂ ਹਨ। ਇਸ ਮੌਕੇ ਉਨ੍ਹਾਂ ਇਸ ਉਪਰਾਲੇ ਲਈ ਲੋਕ ਮੰਚ ਸੰਸਥਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉੱਦਮ ਨਾਲ ਹੋਰਨਾਂ ਲੇਖਕਾਂ, ਕਵੀਆਂ ਤੇ ਸ਼ਾਇਰਾਂ ਨੂੰ ਵੀ ਉਤਸ਼ਾਹ ਮਿਲੇਗਾ।
ਇਸ ਦੇ ਨਾਲ ਹੀ ਉਨ੍ਹਾਂ ਐਚ. ਐਮ. ਵੀ. ਕਾਲਜ ਵਲੋਂ ਪ੍ਰਿੰਸੀਪਲ ਮੈਡਮ ਡਾ. ਅਜੇ ਸਰੀਨ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਨੂੰ ਵੀ ਸਰਾਹਿਆ। ਇਸ ਮੌਕੇ ਡਾ. ਹਮਦਰਦ ਨੇ ਹਾਜ਼ਰੀਨ ਦੀ ਜ਼ੋਰਦਾਰ ਮੰਗ ‘ਤੇ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ’ਮੈਂ’ਤੁਸੀਂ ਕਸੁੰਭੜਾ ਚੁਣ-ਚੁਣ ਹਾਰੀ’ ਅਤੇ ‘ਅੱਜ ਪੀ ਘਰ ਆਇਆ ਲਾਲ ਨੀ’ ਆਪਣੀ ਸੋਜ਼ਮਈ ਆਵਾਜ਼ ‘ਚ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਸੁਰਮਈ ਬਣਾ ਦਿੱਤਾ। ਇਸ ਤੋਂ ਪਹਿਲਾਂ ਗੁਰਭਜਨ ਸਿੰਘ ਗਿੱਲ ਨੇ ਆਪਣੇ ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਵੰਡ ਦੇ ਦੁਖਾਂਤ ਦਾ ਉਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਹੈ ਤੇ ਉਸ ਸਮੇਂ ਹੋਈ ਕਤਲੋਗਾਰਦ ‘ਚ ਉਨ੍ਹਾਂ ਨੂੰ ਕਈ ਆਪਣਿਆਂ ਨੂੰ ਗੁਆਉਣਾ ਪਿਆ ਤੇ ਉਸ ਸਮੇਂ ਦੀਆਂ ਕੁਲਹਿਣੀਆਂ ਯਾਦਾਂ ਅੱਜ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀਆਂ।
ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸੰਵੇਦਨਾ ਤੇ ਵੇਦਨਾ ਸੁਮੇਲ ਹੀ ਉਨ੍ਹਾਂ ਦੀ ਸ਼ਾਇਰੀ ਦੀ ਅਸਲ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਨਾਨਕ, ਬਾਬਾ ਫਰੀਦ ਤੇ ਬਾਬਾ ਬੁੱਲ੍ਹੇ ਸ਼ਾਹ ਸਮੇਤ ਪ੍ਰੋ. ਪੂਰਨ ਸਿੰਘ ਤੇ ਸ਼ਿਵ ਬਟਾਲਵੀ ਤੋਂ ਵੀ ਬੇਹੱਦ ਪ੍ਰਭਾਵਿਤ ਹਨ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਨੇ ਵੀ ਬਹੁਤ ਹੀ ਭਾਵਪੂਰਤ ਸ਼ਬਦਾਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਸਾਹਿਤਕ ਸਫਰ ਅਤੇ ਨਿੱਜੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ।
ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸੰਸਥਾ ਦੀ ਤਰਫੋਂ ਨੰਦ ਲਾਲ ਨੂਰਪੁਰੀ ਸਬੰਧੀ ਬਣਾਈ ਜਾਣ ਵਾਲੀ ਕਿਸੇ ਵੀ ਪ੍ਰਕਾਰ ਦੀ ਯਾਦਗਾਰ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸੰਸਥਾ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸੁਰਿੰਦਰ ਸਿੰਘ ਸੁੱਨੜ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਲਗਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਦੇਸ਼ ਤੋਂ ਆ ਕੇ ਉਨ੍ਹਾਂ ਵਲੋਂ ਇਸ ਸੰਸਥਾ ਦੇ ਰਾਹੀਂ ਹੁਣ ਤੱਕ ਪੰਜਾਬੀ ਸਾਹਿਤ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੀਆਂ ਅਨੇਕਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰ ਚੁੱਕੇ ਹਨ। ਕਾਲਜ ਦੀ ਪ੍ਰਿੰਸੀਪਲ ਮੈਡਮ ਡਾ. ਅਜੇ ਸਰੀਨ ਨੇ ਵੀ ਸਾਰੀਆਂ ਸ਼ਖਸ਼ੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੁੱਚੇ ਕਾਲਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਦਾ ਇਹ ਸਮਾਗਮ ਉਨ੍ਹਾਂ ਦੇ ਕਾਲਜ ਵਿਚ ਹੋ ਰਿਹਾ ਹੈ।
ਇਸੇ ਤਰ੍ਹਾਂ ਪੰਜਾਬੀ ਵਿਭਾਗ ਦੀ ਮੁਖੀ ਮੈਡਮ ਪ੍ਰੋ. ਨਵਰੂਪ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਬਾਰੇ ਤਿਆਰ ਕੀਤੀਆਂ ਗਈਆਂ ਦੋ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ। ਇਸ ਮੌਕੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਕੁਲਜੀਤ ਕੌਰ ਅਤੇ ਲੋਕ ਮੰਚ ਪੰਜਾਬ ਦੀ ਸਕਤੱਰ ਰਮਨਪ੍ਰੀਤ ਕੌਰ ਵਲੋਂ ਕੀਤਾ ਗਿਆ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ, ਕੇ. ਕੇ. ਬਾਵਾ ਡਾਕਟਰ ਹਰਜਿੰਦਰ ਸਿੰਘ ਅਟਵਾਲ, ਸੇਵਾ ਮੁਕਤ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ, ਪ੍ਰੋਫੈਸਰ ਸੁਰਜੀਤ ਜੱਜ ,ਪ੍ਰੋ. ਰਵਿੰਦਰ ਭੱਠਲ, ਫੋਟੋਗ੍ਰਾਫਰ ਤੇਜ ਪ੍ਰਤਾਪ ਸਿੰਘ ਸੰਧੂ, ਤਰਲੋਚਨ ਸਿੰਘ ਲੋਚੀ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਹਰਵਿੰਦਰ ਚੰਡੀਗੜ੍ਹ,ਜਤਿੰਦਰ ਪਨੂੰ, ਸਤਨਾਮ ਚਾਨਾ, ਰਾਕੇਸ਼ ਸ਼ਾਂਤੀਦੂਤ, ਆਤਮ ਪ੍ਰਕਾਸ਼ ਸਿੰਘ ਬਬਲੂ, ਪ੍ਰੋ. ਮਨਜੀਤ ਸਿੰਘ, ਸੰਗਤ ਰਾਮ, ਸੀਤਲ ਸਿੰਘ ਸੰਘਾ, ਡਾਕਟਰ ਰਾਮ ਮੂਰਤੀ ,ਕਵਿੱਤਰੀ ਮਨਜੀਤ ਕੌਰ ਮੀਸ਼ਾ, ਡਾਕਟਰ ਜਸਬੀਰ ਕੌਰ ਗਿੱਲ, ਤੇਜਿੰਦਰ ਕੌਰ ਸ਼ਾਹੀ, ਸੁਖਜੀਤ ਸਿੰਘ ਵਾਲੀਆ, ਅਮਰਜੀਤ ਸਿੰਘ ਨਿੱਝਰ, ਸ੍ਰੀਮਤੀ ਜਸਵਿੰਦਰ ਕੌਰ ਗਿੱਲ ਤੇ ਸੁਰਿੰਦਰ ਕੌਰ ਭੱਠਲ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |