ਪਟਿਆਲਾ, 30 ਜੂਨ 2025: ਪੰਜਾਬ ਦੀ ਸਿਰਮੌਰ ਸੱਭਿਆਚਾਰਕ ਸਖ਼ਸ਼ੀਅਤ ਅਤੇ ਉੱਘੀ ਲੋਕ ਗਾਇਕਾ ਸੁੱਖੀ ਬਰਾੜ (ਪੰਜਾਬ ਕੌਰ) ਵੱਲੋਂ ਦੇਵੀਗੜ੍ਹ ਰੋਡ ਪਟਿਆਲਾ ਵਿਖੇ ਵਿਸ਼ਵ ਦੇ ਪਹਿਲੇ ‘ਵਰਲਡ ਹੈਰੀਟੇਜ਼ ਮੰਦਰ’ (World Heritage Temple) ਦਾ ਨੀਂਹ ਪੱਥਰ ਰੱਖਿਆ ਹੈ | ਇਸ ਸੰਬੰਧੀ ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਇਹ ਮੰਦਰ ਦੁਨੀਆਂ ਦਾ ਪਹਿਲਾ ਮੰਦਰ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਸ਼ਿਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਗੁਣਗਾਨ ਹੋਵੇਗਾ |
ਇਸਦੇ ਨਾਲ ਹੀ ਸਾਡੀ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਦੀ ਭਰਪੂਰ ਜਾਣਕਾਰੀ ਦੇਣ ਲਈ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਿਤ ਡਿਪਲੋਮਾ ਵੀ ਕਰਵਾਇਆ ਜਾਵੇਗਾ |
ਦੁਨੀਆਂ ਦੇ ਇਸ ਵਿਲੱਖਣ ਅਤੇ ਪਹਿਲੇ ਮੰਦਰ (World Heritage Temple) ਬਾਰੇ ਜਾਣਕਾਰੀ ਦਿੰਦਿਆਂ ਵਰਲਡ ਹੈਰੀਟੇਜ਼ ਮੰਦਰ ਦੀ ਮੁੱਖੀ ਅਤੇ ਕਰਤਾ ਧਰਤਾ ਮੈਡਮ ਸੁੱਖੀ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਵੇਂ ਕੇ ਬਹੁਤ ਲੰਮਾ ਸਮਾਂ ਹੋ ਗਿਆ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਿਆਂ ਪਰ ਉਨ੍ਹਾਂ ਦੇ ਦਿਲੋਂ ਦਿਮਾਗ ‘ਚ ਇਹ ਸੋਚ ਬਹੁਤ ਦੇਰ ਤੋਂ ਚੱਲ ਰਹੀ ਸੀ ਕਿ ਸੱਭਿਆਚਾਰ, ਮਾਂ ਬੋਲੀ ਪੰਜਾਬੀ, ਵਿਰਸੇ ਤੇ ਵਿਰਾਸਤ ਨੂੰ ਸਦੀਆਂ ਤੱਕ ਜਿਉਂਦਾ ਰੱਖਣ ਲਈ ਕੋਈ ਵੱਡੇ ਸੱਭਿਆਚਾਰਕ ਸੈਂਟਰ ਦੀ ਜਰੂਰਤ ਹੈ, ਜਿੱਥੇ ਸੱਭਿਆਚਾਰ ਅਤੇ ਮਾਂ ਬੋਲੀ ਨਾਲ ਸੰਬੰਧਿਤ ਇੱਕ ਵੱਡੀ ਆਰਟ ਗੈਲਰੀ, ਓਪਨ ਏਅਰ ਥੀਏਟਰ, ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਦ੍ਰਿਸ਼ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਵੀ ਸਮੇਂ ਸਮੇਂ ਸਿਰ ਕੀਤਾ ਜਾ ਸਕਣ |
ਇਸ ਮੌਕੇ ਸੁੱਖੀ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਲੰਮੇ ਸਮੇਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨਾਲ ਪੰਜਾਬ ਦੇ ਉੱਘੇ ਗੀਤਕਾਰ ਭੱਟੀ ਭੜੀਵਾਲਾ ਅਤੇ ਲੋਕ ਗਾਇਕ ਤੇ ਗੀਤਕਾਰ ਬਾਜਵਾ ਸਿੰਘ ਤੋਂ ਇਲਾਵਾ ਸਰਤਾਜ ਸਿੰਘ ਅਤੇ ਹੋਰ ਸਖ਼ਸ਼ੀਅਤਾਂ ਨੇ ਹਰ ਪੱਖੋਂ ਮੱਦਦ ਕਰਨ ਅਤੇ ਇਸ ਮਹਾਨ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜਨ ‘ਚ ਆਪਣੇ ਪੂਰੇ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ ਹੈ |
ਜਿਕਰਯੋਗ ਹੈ ਕਿ ਸੁੱਖੀ ਬਰਾੜ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ ‘ਹੈਰੀਟੇਜ਼ ਸੈਂਟਰ’ ਚੰਡੀਗੜ੍ਹ ਵਿਖੇ ਪਿੱਛਲੇ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ |ਪੰਜਾਬ ਦੇ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਦੇਵੀਗੜ੍ਹ ਰੋਡ ਤੇ ਬਣਨ ਜਾ ਰਹੇ ਦੁਨੀਆਂ ਦੇ ਪਹਿਲੇ “ਵਰਲਡ ਹੈਰੀਟੇਜ਼ ਮੰਦਰ” ਦੇ ਇਸ ਨੀਂਹ ਪੱਥਰ ਰੱਖਣ ਮੌਕੇ ਪੰਜਾਬੀ ਫ਼ਿਲਮਾਂ ਦੀ ਉੱਘੀ ਤੇ ਸਿਰਮੌਰ ਅਦਾਕਾਰਾ ਸੁਨੀਤਾ ਧੀਰ, ਉੱਘੇ ਗੀਤਕਾਰ ਭੱਟੀ ਭੜੀ ਵਾਲਾ, ਨਵੀਨ ਸ਼ਰਮਾ, ਉੱਘੇ ਲੋਕ ਗਾਇਕ ਬਾਜਵਾ ਸਿੰਘ, ਰਿਸ਼ੀ ਰਾਜ, ਅਮਿਤ ਗਾਗੁਨੀ, ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ | ਇਹ ਮੰਦਰ ਦੁਨੀਆਂ ਭਰ ਦੇ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਦੇ ਚਹੇਤਿਆਂ ਦੇ ਸਹਿਯੋਗ ਨਾਲ ਛੇਤੀ ਹੀ ਤਿਆਰ ਕਰ ਲਿਆ ਜਾਵੇਗਾ |
Read More: ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ