ਚੰਡੀਗੜ੍ਹ, 21 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੌਰੇ ‘ਤੇ ਮੰਗਲਵਾਰ ਰਾਤ ਕਰੀਬ 10 ਵਜੇ ਅਮਰੀਕਾ ਪਹੁੰਚੇ । ਉਸ ਸਮੇਂ ਅਮਰੀਕਾ ਵਿਚ ਦੁਪਹਿਰ ਦੇ 12:30 ਵੱਜ ਚੁੱਕੇ ਸਨ। ਜੌਹਨ ਐੱਫ ਕੈਨੇਡੀ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਉੱਥੇ ਮੌਜੂਦ ਭਾਰਤੀ ਮੂਲ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।
ਹਵਾਈ ਅੱਡੇ ਤੋਂ ਪ੍ਰਧਾਨ ਮੰਤਰੀ ਹੋਟਲ ਲੋਟੇ ਨਿਊਯਾਰਕ ਪੈਲੇਸ ਪਹੁੰਚੇ। ਇੱਥੇ ਉਹ ਟੇਸਲਾ ਦੇ ਸਹਿ-ਸੰਸਥਾਪਕ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਸਮੇਤ ਨੋਬਲ ਪੁਰਸਕਾਰ ਜੇਤੂਆਂ, ਅਰਥਸ਼ਾਸਤਰੀਆਂ, ਕਲਾਕਾਰਾਂ, ਵਿਗਿਆਨੀਆਂ, ਵਿਦਵਾਨਾਂ ਵਰਗੀਆਂ 24 ਸ਼ਖਸੀਅਤਾਂ ਨੂੰ ਮਿਲੇ।
ਮੁਲਾਕਾਤ ਤੋਂ ਬਾਅਦ ਐਲਨ ਮਸਕ (Elon Musk) ਨੇ ਕਿਹਾ ਕਿ ਭਾਰਤ ‘ਚ ਕਾਰੋਬਾਰ ਦੀ ਸੰਭਾਵਨਾ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ | ਮਸਕ ਨੇ ਕਿਹਾ ਕਿ “ਮੈਂ ਮੋਦੀ ਦਾ ਫੈਨ ਹਾਂ” ਉਹ ਸੱਚਮੁੱਚ ਭਾਰਤ ਦੀ ਪਰਵਾਹ ਕਰਦੇ ਹਨ। ਉਹ ਉਹੀ ਕਰਨਾ ਚਾਹੁੰਦੇ ਹਨ ਜੋ ਦੇਸ਼ ਦੇ ਹਿੱਤ ਵਿੱਚ ਹੈ। ਪ੍ਰਧਾਨ ਮੰਤਰੀ ਨੇ ਮਸਕ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਇਸ ‘ਤੇ ਮਸਕ ਨੇ ਕਿਹਾ ਕਿ ਭਾਰਤ ਕੋਲ ਕਿਸੇ ਵੀ ਦੇਸ਼ ਦੇ ਮੁਕਾਬਲੇ ਕਾਰੋਬਾਰ ਦੀ ਜ਼ਿਆਦਾ ਸੰਭਾਵਨਾ ਹੈ। ਮੈਂ ਅਗਲੇ ਸਾਲ ਭਾਰਤ ਆਵਾਂਗਾ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਨੇ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਉਹ ਭਾਰਤ ਵਿੱਚ ਟੇਸਲਾ ਫੈਕਟਰੀ ਲਈ ਸਥਾਨ ਨੂੰ ਅੰਤਿਮ ਰੂਪ ਦੇਣਗੇ। ਉਸ ਨੇ ਸਟਾਰਲਿੰਕ ਨੂੰ ਭਾਰਤ ਲਿਆਉਣ ਦੀ ਵੀ ਉਮੀਦ ਜਤਾਈ ਹੈ । ਇਸ ਨਾਲ ਭਾਰਤ ਦੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਇੰਟਰਨੈੱਟ ਮੁਹੱਈਆ ਕਰਵਾਉਣ ਵਿੱਚ ਮੱਦਦ ਮਿਲ ਸਕਦੀ ਹੈ।