Zero Electricity Bills

ਹੁਸ਼ਿਆਰਪੁਰ ਜ਼ਿਲ੍ਹੇ ਦੇ 82.44 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਆਏ ਜ਼ੀਰੋ: ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 03 ਮਈ 2023: ਪੰਜਾਬ ਦੇ ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਲ ਹੁਸ਼ਿਆਰਪੁਰ ਵਿੱਚ ਕੁੱਲ 82.44 ਫੀਸਦੀ ਘਰਾਂ ਦੇ ਫਰਵਰੀ-ਮਾਰਚ ਦੇ ਬਿਜਲੀ ਬਿੱਲ ਜ਼ੀਰੋ (Zero Electricity Bills) ਆਏ ਹਨ। ਪੰਜਾਬ ਸਰਕਾਰ ਦੀ ਬਿਜਲੀ ਮੁਆਫੀ ਸਕੀਮ ਤਹਿਤ ਜ਼ਿਲ੍ਹਾ ਵਾਸੀਆਂ ਨੂੰ 26.15 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲਏ ਗਏ ਫੈਸਲਿਆਂ ਤਹਿਤ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਾ ਹੁਸ਼ਿਆਰਪੁਰ ਸਰਕਲ ਵਿੱਚ ਵੱਡੀ ਗਿਣਤੀ ਵਿੱਚ ਖਪਤਕਾਰਾਂ ਨੂੰ ਚੌਥੀ ਵਾਰ ਲਾਭ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਚਮੁਚ ਪਹਿਲੀ ਵਾਰ ਲੋਕਹਿਤ ਸਰਕਾਰ ਬਣੀ ਹੈ, ਜੋ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਪ੍ਰਾਪਤ ਸਰਕਲ ਦੀ ਰਿਪੋਰਟ ਅਨੁਸਾਰ 4,00,670 ਘਰੇਲੂ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਇਸ ਨਾਲ ਖਪਤਕਾਰਾਂ ਨੂੰ 26.15 ਕਰੋੜ ਰੁਪਏ ਦਾ ਲਾਭ ਹੋਇਆ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਰਕਲ ਵਿੱਚ 6 ਵੰਡ ਮੰਡਲ ਹਨ, ਜਿਨ੍ਹਾਂ ਵਿੱਚ ਅਰਬਨ ਮੰਡਲ ਹੁਸ਼ਿਆਰਪੁਰ, ਸਬ ਮੰਡਲ ਹੁਸ਼ਿਆਰਪੁਰ, ਸੰਚਾਲਨ ਮੰਡਲ ਮੁਕੇਰੀਆ, ਸੰਚਾਲਨ ਮੰਡਲ ਦਸੂਹਾ, ਸੰਚਾਲਨ ਮੰਡਲ ਮਾਹਿਲਪੁਰ ਅਤੇ ਸੰਚਾਲਨ ਮੰਡਲ ਭੋਗਪੁਰ ਸ਼ਾਮਿਲ ਹੈ।

ਹੁਸ਼ਿਆਰਪੁਰ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਹਰਮਿੰਦਰ ਸਿੰਘ ਨੇ ਦੱਸਿਆ ਕਿ 6 ਮੰਡਲਾਂ ਵਿੱਚ ਕੁੱਲ 4,85,981 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 26.15 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਇਸੇ ਤਰ੍ਹਾਂ ਅਰਬਨ ਮੰਡਲ ਹੁਸ਼ਿਆਰਪੁਰ ਵਿੱਚ ਕੁੱਲ 91,603 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 78415 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 3.49 ਕਰੋੜ ਰੁਪਏ ਦਾ ਲਾਭ ਮਿਲਿਆ ਹੈ, ਸਬ ਅਰਬਨ ਮੰਡਲ ਹੁਸ਼ਿਆਰਪੁਰ ਵਿੱਚ ਕੁੱਲ 71967 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 62308 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਜਿਨ੍ਹਾਂ ਨੂੰ 3.79 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

ਸੰਚਾਲਨ ਮੰਡਲ ਮੁਕੇਰੀਆਂ ਵਿੱਚ ਕੁੱਲ 97860 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 85135 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 6.77 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਸੰਚਾਲਨ ਮੰਡਲ ਦਸੂਹਾ ਵਿੱਚ ਕੁੱਲ 77049 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 65600 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੂੰ 5.69 ਕਰੋੜ ਰੁਪਏ ਦਾ ਲਾਭ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਸੰਚਾਲਨ ਮੰਡਲ ਮਾਹਿਲਪੁਰ ਵਿੱਚ 73130 ਘਰੇਲੂ ਖਪਤਕਾਰ ਹਨ, ਜਿਨ੍ਹਾਂ ਵਿਚੋਂ 58726 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ ਅਤੇ ਉਨ੍ਹਾਂ ਨੇ 5.01 ਕਰੋੜ ਰੁਪਏ ਦਾ ਲਾਭ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਸੰਚਾਲਨ ਮੰਡਲ ਭੋਗਪੁਰ ਵਿੱਚ ਕੁੱਲ 74372 ਘਰੇਲੂ ਖਪਤਕਾਰ ਹਨ ਜਿਨ੍ਹਾਂ ਵਿਚੋਂ 50486 ਖਪਤਕਾਰਾਂ ਦੇ ਬਿੱਲ ਜ਼ੀਰੋ (Zero Electricity Bills) ਆਏ ਹਨ ਅਤੇ ਉਨ੍ਹਾਂ ਨੂੰ 1.40 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

Scroll to Top