ਚੰਡੀਗੜ੍ਹ, 19 ਅਪ੍ਰੈਲ 2023: ਸ੍ਰੀਲੰਕਾ ਜੋ ਕਿ ਇੱਕ ਗਹਿਰੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ, ਸ੍ਰੀਲੰਕਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 25 ਅਪ੍ਰੈਲ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਚੋਣਾਂ ਮੰਗਲਵਾਰ ਨੂੰ ਨਹੀਂ ਹੋਣਗੀਆਂ, ਕਿਉਂਕਿ ਖਜ਼ਾਨੇ ਨੇ ਅਜੇ ਤੱਕ ਚੋਣਾਂ ਲਈ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਹਨ।
ਟਾਪੂ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਨਾਲ ਸਬੰਧਤ ਵੱਖ-ਵੱਖ ਕਾਰਨਾਂ ਕਰਕੇ ਪਹਿਲਾਂ ਨਗਰ ਨਿਗਮ ਚੋਣਾਂ 9 ਮਾਰਚ ਨੂੰ ਹੋਣੀਆਂ ਸਨ। ਪਰ ਇਸ ਨੂੰ 9 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਚੋਣਾਂ 25 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ। ਪਰ ਅੱਜ 19 ਮਾਰਚ ਨੂੰ ਦੇਸ਼ ਨੇ ਇਹ ਚੋਣਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ।
ਨੋਟੀਫਿਕੇਸ਼ਨਾਂ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਕੌਂਸਲ ਚੋਣਾਂ ਦੀ ਅਗਲੀ ਤਾਰੀਖ਼ ਉਦੋਂ ਹੀ ਤੈਅ ਕੀਤੀ ਜਾਵੇਗੀ ਜਦੋਂ ਖਜ਼ਾਨਾ ਲੋੜੀਂਦੇ ਫੰਡਾਂ ਦੀ ਉਪਲਬਧਤਾ ਜਾਂ ਚੋਣਾਂ ਬਾਰੇ ਅਦਾਲਤ ਦੇ ਫੈਸਲੇ ਦੀ ਪੁਸ਼ਟੀ ਕਰਦਾ ਹੈ। ਚੋਣਾਂ ਨਾਲ ਸਬੰਧਤ ਘੱਟੋ-ਘੱਟ ਤਿੰਨ ਅਦਾਲਤੀ ਕੇਸ ਪੈਂਡਿੰਗ ਹਨ, ਜਿਨ੍ਹਾਂ ਦੀ ਸੁਣਵਾਈ ਮਈ ਦੇ ਅੱਧ ਵਿਚ ਹੋਵੇਗੀ।