ਚੰਡੀਗੜ੍ਹ, 2 ਮਾਰਚ 2023: (Election Results) ਭਾਰਤ ਦੇ ਉੱਤਰ-ਪੂਰਬੀ ਤਿੰਨ ਸੂਬਿਆਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਅੱਜ ਸਖ਼ਤ ਸੁਰੱਖਿਆ ਦੇ ਵਿਚਕਾਰ ਵੋਟਾਂ ਦੀ ਗਿਣਤੀ ਜਾਰੀ ਹੈ | ਤ੍ਰਿਪੁਰਾ ਵਿੱਚ 16 ਫਰਵਰੀ ਨੂੰ 60 ਸੀਟਾਂ ਲਈ ਚੋਣਾਂ ਹੋਈਆਂ ਸਨ, ਜਦੋਂ ਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ 59-60 ਸੀਟਾਂ ਲਈ ਚੋਣਾਂ ਹੋਈਆਂ ਸਨ।
ਮੇਘਾਲਿਆ ਦੇ ਚੋਣ ਰੁਝਾਨਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਸਾਰੀਆਂ ਪਾਰਟੀਆਂ ਦੀ ਖੇਡ ਵਿਗਾੜ ਦਿੱਤੀ ਹੈ। ਇੱਥੇ 18 ਸੀਟਾਂ ‘ਤੇ ਆਜ਼ਾਦ ਉਮੀਦਵਾਰ ਅੱਗੇ ਹਨ, ਜਿਸ ਕਾਰਨ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ, ਪਰ ਭਾਜਪਾ ਕਾਫੀ ਸੀਟਾਂ ਹਾਸਲ ਕਰ ਸਕਦੀ ਹੈ |
ਮੇਘਾਲਿਆ ਵਿੱਚ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਨੈਸ਼ਨਲ ਪੀਪਲਜ਼ ਪਾਰਟੀ ਸਭ ਤੋਂ ਵੱਡੀ ਪਾਰਟੀ ਜਾਪਦੀ ਹੈ। ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਐਨਪੀਪੀ 19 ਸੀਟਾਂ ‘ਤੇ ਅੱਗੇ ਹੈ।ਤ੍ਰਿਪੁਰਾ ਵਿੱਚ ਚੋਣ ਰੁਝਾਨ ਭਾਜਪਾ ਅਤੇ ਟੀਐਮਪੀ ਵਿਚਕਾਰ ਗਠਜੋੜ ਨੂੰ ਦਰਸਾਉਂਦੇ ਹਨ। ਟਿਪਰਾ ਮੋਥਾ ਦੇ ਪ੍ਰਦੌਤ ਵਰਮਾ ਨੇ ਰੁਝਾਨਾਂ ਵਿਚਕਾਰ ਕਿਹਾ ਹੈ ਕਿ ਜੇਕਰ ਭਾਜਪਾ ਕਬਾਇਲੀ ਮੁੱਦਿਆਂ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ ਤਾਂ ਉਹ ਗਠਜੋੜ ਬਣਾ ਸਕਦੇ ਹਨ।
ਤ੍ਰਿਪੁਰਾ ‘ਚ ਭਾਜਪਾ ਗਠਜੋੜ ਨੂੰ ਫਿਰ ਤੋਂ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਇੱਥੇ ਭਾਜਪਾ 27 ਸੀਟਾਂ ‘ਤੇ ਅੱਗੇ ਹੈ। ਦੂਜੇ ਪਾਸੇ ਖੱਬੇ ਪੱਖੀ ਗਠਜੋੜ 19 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ।
ਨਾਗਾਲੈਂਡ ਵਿੱਚ ਭਾਜਪਾ ਗਠਜੋੜ ਸੱਤਾ ਵਿੱਚ ਵਾਪਸੀ ਕਰ ਰਿਹਾ ਹੈ। ਰੁਝਾਨਾਂ ‘ਚ ਭਾਜਪਾ ਗਠਜੋੜ ਕਰੀਬ 40 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ। ਰਾਜ ਦੀਆਂ 60 ਵਿੱਚੋਂ 59 ਸੀਟਾਂ ਲਈ 27 ਫਰਵਰੀ ਨੂੰ ਹੋਈਆਂ ਨਾਗਾਲੈਂਡ ਚੋਣ ਨਤੀਜਿਆਂ ਦੇ ਨਤੀਜੇ ਅੱਜ ਆਉਣਗੇ। ਭਾਰਤੀ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।