ਚੰਡੀਗੜ੍ਹ, 04 ਨਵੰਬਰ 2024: (Jammu and Kashmir Legislative Assembly Session) ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪੰਜ ਦਿਨਾ ਇਜਲਾਸ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਹੀ ਵਿਧਾਨ ਸਭਾ ‘ਚ ਧਾਰਾ-370 (Article 370) ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ | ਇਜਲਾਸ ਦੀ ਸ਼ੁਰੂਆਤ ਅੱਜ ਸਵੇਰੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਸੰਬੋਧਨ ਨਾਲ ਹੋਈ ਹੈ ।
ਦੂਜੇ ਪਾਸੇ ਸੀਨੀਅਰ ਨੈਸ਼ਨਲ ਕਾਨਫਰੰਸ (ਐਨਸੀ) ਆਗੂ ਅਤੇ ਚਰਾਰ-ਏ-ਸ਼ਰੀਫ਼ ਤੋਂ ਸੱਤ ਵਾਰ ਵਿਧਾਇਕ ਰਹਿ ਚੁੱਕੇ ਅਬਦੁਲ ਰਹੀਮ ਰਾਥਰ ( Abdul Rahim Rather) ਨੂੰ ਵਿਧਾਨ ਸਭਾ ਦਾ ਸਪੀਕਰ ਚੁਣਿਆ ਲਿਆ ਗਿਆ ਹੈ । ਇਸ ਦੌਰਾਨ ਵਿਰੋਧੀ ਧਿਰ ਵੱਲੋਂ ਸਪੀਕਰ ਦੇ ਅਹੁਦੇ ਲਈ ਚੋਣ ਨਾ ਲੜਨ ਦੇ ਫੈਸਲੇ ਤੋਂ ਬਾਅਦ ਆਵਾਜ਼ੀ ਵੋਟ ਨਾਲ ਅਬਦੁਲ ਰਹੀਮ ਰਾਥਰ ਨੂੰ ਸਪੀਕਰ ਚੁਣ ਲਿਆ ਗਿਆ। ‘ਪ੍ਰੋਟੇਮ ਸਪੀਕਰ’ ਮੁਬਾਰਕ ਗੁਲ ਨੇ ਚੋਣ ਪ੍ਰਕਿਰਿਆ ਦਾ ਸੰਚਾਲਨ ਕੀਤਾ ਹੈ ।
ਅਬਦੁਲ ਰਹੀਮ ਰਾਥਰ ਨੂੰ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ ‘ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Omar Abdullah) ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ “ਪੂਰੇ ਸਦਨ ਦੀ ਤਰਫੋਂ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਤੁਹਾਡੇ ਸਪੀਕਰ ਚੁਣੇ ਜਾਣ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਹੁਣ ਤੁਸੀਂ ਇਸ ਸਦਨ ਦੇ ਸਰਪ੍ਰਸਤ ਬਣ ਗਏ ਹੋ।
ਜੰਮੂ-ਕਸ਼ਮੀਰ ਵਿਧਾਨ ਸਭਾ (Jammu and Kashmir Legislative Assembly Session) ‘ਚ ਪੀਡੀਪੀ ਵਿਧਾਇਕ ਵਹੀਦ ਪਾਰਾ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ-370 ਨੂੰ ਹਟਾਉਣ ਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਪ੍ਰਸਤਾਵ ਵੀ ਪੇਸ਼ ਕੀਤਾ ਹੈ । ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ। ਇਸ ‘ਤੇ ਵਿਰੋਧੀ ਧਿਰ ਨੇ ਵਿਧਾਨ ਸਭਾ ‘ਚ ਹੰਗਾਮਾ ਸ਼ੁਰੂ ਕਰ ਦਿੱਤਾ।