ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 03 ਦਸੰਬਰ 2025: ਪੰਜਾਬ ਚੋਣ ਕਮਿਸ਼ਨ, ਪੰਜਾਬ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ ਪੰਚਾਇਤ ਸੰਮਤੀ ਚੋਣਾਂ ਲਈ ਲਾਏ ਚੋਣ ਅਬਜ਼ਰਵਰ ਅੰਮ੍ਰਿਤ ਸਿੰਘ, ਆਈ.ਏ.ਐਸ, ਡਾਇਰੈਕਟਰ, ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੇ ਅੱਜ ਮੋਹਾਲੀ ਜ਼ਿਲ੍ਹੇ ‘ਚ ਪੰਚਾਇਤ ਸੰਮਤੀ ਚੋਣਾਂ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ, ਏਡੀਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ।
ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੋਟਰਾਂ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਆਪਣਾ ਨੁਮਾਇੰਦਾ ਚੁਣਨ ਦਾ ਅਧਿਕਾਰ ਹੋਵੇ। ਕਿਸੇ ਵੀ ਉਲੰਘਣਾ ਦੀ ਸਥਿਤੀ ‘ਚ ਆਪਣੇ ਨਾਲ ਸੰਪਰਕ ਕਰਨ ਲਈ ਸੰਪਰਕ ਨੰਬਰ ਅਤੇ ਈਮੇਲ ਆਈ ਡੀ ਜਾਰੀ ਕਰਦਿਆਂ, ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੋਬਾਈਲ ਨੰਬਰ, 62397-34578 ਅਤੇ ਈ ਮੇਲ ਆਈਡੀ Liaisonofficergram2025@gmail.com ਰਾਹੀਂ ਸ਼ਿਕਾਇਤ ਕਰ ਸਕਦਾ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਮੋਹਾਲੀ ਦੀ ਪਹਿਲੀ ਮੰਜ਼ਿਲ ‘ਤੇ ਕਮਰਾ ਨੰਬਰ 257 ‘ਚ ਵੀ ਚੋਣ ਨਿਗਰਾਨ ਨੂੰ ਸੰਬੋਧਿਤ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਚਾਇਤ ਸੰਮਤੀ ਡੇਰਾਬੱਸੀ ਦੇ 22, ਪੰਚਾਇਤ ਸੰਮਤੀ ਖਰੜ ਦੇ 15 ਅਤੇ ਪੰਚਾਇਤ ਸੰਮਤੀ ਮਾਜਰੀ ਦੇ 15 ਜ਼ੋਨਾਂ ਲਈ ਨਾਮਜ਼ਦਗੀਆਂ ਦਾ ਅਮਲ ਚੱਲ ਰਿਹਾ ਹੈ, ਜਿਸ ਦੀ ਭਲਕੇ 4 ਦਸੰਬਰ ਨੂੰ ਆਖਰੀ ਤਾਰੀਖ਼ ਹੈ।
ਇਸਦੇ ਨਾਲ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਗਿਆ 6 ਦਸੰਬਰ, 2025 ਨੂੰ ਹੋਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ, ਪੜਤਾਲ ਅਤੇ ਵਾਪਸ ਲੈਣ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਨਿਰਧਾਰਤ ਦਫਤਰਾਂ ‘ਚ ਨਿਸ਼ਚਿਤ ਕੀਤਾ ਹੈ। ਮਤਦਾਨ 14 ਦਸੰਬਰ, 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ ਜਦਕਿ ਗਿਣਤੀ 17 ਦਸੰਬਰ ਨੂੰ ਹੋਵੇਗੀ। ਪੋਲਿੰਗ ਪਾਰਟੀਆਂ ਦੀ ਸਿਖਲਾਈ 8, 10 ਤੇ 13 ਦਸੰਬਰ ਨੂੰ ਹੋਵੇਗੀ।
ਜਿਕਰਯੋਗ ਹੈ ਕਿ ਮਤਦਾਨ ਬੈਲੇਟ ਪੇਪਰਾਂ ਦੀ ਮੱਦਦ ਨਾਲ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਦੀ ਸਮੁੱਚੀ ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਜੋ ਕਿ ਗਿਣਤੀ ਵਾਲੇ ਦਿਨ ਵੀ ਹੋਵੇਗੀ।
Read More: ਦਿੱਲੀ ਨਗਰ ਨਿਗਮ ਚੋਣ ਨਤੀਜੇ ਐਲਾਨੇ, ਭਾਜਪਾ ਨੂੰ 2 ਸੀਟਾਂ ਦਾ ਨੁਕਸਾਨ, ‘ਆਪ’ ਦੀ 3 ਸੀਟਾਂ ‘ਤੇ ਜਿੱਤ




