ਚੰਡੀਗੜ੍ਹ, 10 ਅਪ੍ਰੈਲ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕ ਸਭਾ ਆਮ ਚੋਣਾਂ (Lok Sabha elections) ਲਈ ਚੋਣ ਵਿਭਾਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਰਿਆਣਾ ਵਿੱਚ ਚੋਣਾਂ ਲਈ ਨੋਟੀਫਿਕੇਸ਼ਨ 29 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਫਾਰਮ 6 ਮਈ 2024 ਤੱਕ ਭਰੇ ਜਾ ਸਕਦੇ ਹਨ। ਹਰਿਆਣਾ ਵਿੱਚ ਛੇਵੇਂ ਪੜਾਅ ਵਿੱਚ 25 ਮਈ 2024 ਨੂੰ ਵੋਟਾਂ ਪੈਣਗੀਆਂ।
ਅਨੁਰਾਗ ਅਗਰਵਾਲ ਨੇ ਕਿਹਾ ਕਿ ਵੋਟਰ ਚੋਣ (Lok Sabha elections) ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ, ਇਸ ਲਈ ਵੋਟਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਰਪੱਖ ਢੰਗ ਨਾਲ ਵੋਟ ਪਾਉਣ, ਇਸ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਵਿਭਾਗ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਲੜੀ ਵਿੱਚ ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ਸਾਢੇ ਅੱਠ ਲੱਖ ਤੋਂ ਵੱਧ ਲੋਕਾਂ ਨੂੰ ਇਕੱਠੇ ਵੋਟ ਪਾਉਣ ਦੀ ਸਹੁੰ ਚੁਕਾਈ। ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਕਈ ਜ਼ਿਲ੍ਹਿਆਂ ਨੇ ਜ਼ਿਲ੍ਹਾ ਪੱਧਰ ’ਤੇ ਚੋਣ ਆਈਕਨ ਵੀ ਬਣਾਏ ਹਨ, ਜੋ ਕਿ ਨਾਗਰਿਕਾਂ ਨੂੰ ਵੋਟ ਬਣਾਉਣ ਅਤੇ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਬਾਰੇ ਸੰਦੇਸ਼ ਦੇ ਰਹੇ ਹਨ।
ਅਨੁਰਾਗ ਅਗਰਵਾਲ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 25 ਮਈ 2024 ਨੂੰ ਆਪਣੇ ਘਰ-ਬਾਰ ਛੱਡ ਕੇ ਪੋਲਿੰਗ ਕੇਂਦਰਾਂ ਵਿੱਚ ਜਾ ਕੇ ਵੋਟ ਪਾਉਣ। ਵੋਟਿੰਗ ਦਿਵਸ ਨੂੰ ਤਿਉਹਾਰ ਵਾਂਗ ਮਨਾਓ ਅਤੇ ਪੂਰੇ ਉਤਸ਼ਾਹ ਨਾਲ ਭਾਗ ਲਓ। ਅਸੀਂ ਵੋਟ ਦੇ ਕੇ ਹੀ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਾਂ।