ਦਿੱਲੀ, 17 ਦਸੰਬਰ 2025: ਭਾਰਤੀ ਚੋਣ ਕਮਿਸ਼ਨ ਦੇ ਵਿਸ਼ੇਸ਼ ਤੀਬਰ ਸੋਧ (SIR) ਜਿਸਨੂੰ ਆਮ ਤੌਰ ‘ਤੇ ਵੋਟਰ ਤਸਦੀਕ ਕਿਹਾ ਜਾਂਦਾ ਹੈ) ਤੋਂ ਬਾਅਦ ਮੰਗਲਵਾਰ ਨੂੰ ਪੱਛਮੀ ਬੰਗਾਲ, ਰਾਜਸਥਾਨ, ਗੋਆ, ਲਕਸ਼ਦੀਪ ਅਤੇ ਪੁਡੂਚੇਰੀ ਲਈ ਡਰਾਫਟ ਵੋਟਰ ਸੂਚੀਆਂ ਜਾਰੀ ਕੀਤੀਆਂ ਗਈਆਂ। ਸੂਚੀ ਵੋਟਰਾਂ ਦੀ ਕੁੱਲ ਗਿਣਤੀ ‘ਚ 7.6% ਦੀ ਕਮੀ ਦਰਸਾਉਂਦੀ ਹੈ।
ਕਮਿਸ਼ਨ ਦੇ ਅੰਕੜਿਆਂ ਮੁਤਾਬਕ ਜਦੋਂ ਕਿ 27 ਅਕਤੂਬਰ ਨੂੰ SIR ਦੀ ਘੋਸ਼ਣਾ ਦੇ ਸਮੇਂ ਇਨ੍ਹਾਂ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 13. 35 ਕਰੋੜ ਵੋਟਰ ਸਨ, ਡਰਾਫਟ ਸੂਚੀ ‘ਚ ਇਹ ਗਿਣਤੀ ਘਟ ਕੇ 12.33 ਕਰੋੜ ਰਹਿ ਗਈ ਹੈ। ਇਸਦਾ ਮਤਲਬ ਹੈ ਕਿ 1.2 ਕਰੋੜ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ।
ਬੰਗਾਲ ‘ਚ 5,820,898 ਵੋਟਰਾਂ ਨੂੰ ਹਟਾਉਣ ਲਈ ਚਿੰਨ੍ਹਿਤ ਕੀਤਾ ਗਿਆ ਹੈ। ਰਾਜਸਥਾਨ ‘ਚ 4,185,000 ਵੋਟਰਾਂ ਨੂੰ ਹਟਾ ਦਿੱਤਾ ਗਿਆ ਹੈ, ਅਤੇ ਪੁਡੂਚੇਰੀ ‘ਚ 85,000 ਵੋਟਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਘਰ-ਘਰ ਜਾਣਕਾਰੀ ਇਕੱਠੀ ਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਦਾਅਵਿਆਂ, ਇਤਰਾਜ਼ਾਂ ਅਤੇ ਸੁਣਵਾਈਆਂ ਦੀ ਪ੍ਰਕਿਰਿਆ ਹੁਣ ਸ਼ੁਰੂ ਹੋਵੇਗੀ।
ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਦੂਜਾ ਪੜਾਅ ਫਰਵਰੀ 2026 ਤੱਕ ਜਾਰੀ ਰਹੇਗਾ, ਅਤੇ ਅੰਤਿਮ ਵੋਟਰ ਸੂਚੀ 14 ਫਰਵਰੀ, 2026 ਨੂੰ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਗੋਆ ਅਤੇ ਲਕਸ਼ਦੀਪ ‘ਚ ਅੱਜ ਡਰਾਫਟ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਰਾਜਸਥਾਨ ਵਿੱਚ, ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੀ ਡਰਾਫਟ ਸੂਚੀ ‘ਚੋਂ 41.85 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਹੈ। ਡਰਾਫਟ ਸੂਚੀ ‘ਚ ਗੈਰਹਾਜ਼ਰ ਸ਼ਿਫਟ ਕੀਤੇ, ਮ੍ਰਿਤਕ ਅਤੇ ਪਹਿਲਾਂ ਤੋਂ ਹੀ ਦਰਜ ਵੋਟਰਾਂ ਦੀਆਂ ਸੂਚੀਆਂ ਸ਼ਾਮਲ ਹਨ। ਡਰਾਫਟ ਵੋਟਰ ਸੂਚੀ ਚੋਣ ਵਿਭਾਗ ਦੀ ਵੈੱਬਸਾਈਟ ‘ਤੇ ਉਪਲਬੱਧ ਕਰਵਾਈ ਗਈ ਹੈ।
ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਨਵੀਨ ਮਹਾਜਨ ਨੇ ਕਿਹਾ, “ਜਿਨ੍ਹਾਂ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ, ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। ਜੇਕਰ ਉਨ੍ਹਾਂ ਨੂੰ ਕੋਈ ਇਤਰਾਜ਼ ਹੈ, ਤਾਂ ਉਹ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੇ ਦਾਅਵੇ ਪੇਸ਼ ਕਰ ਸਕਦੇ ਹਨ। ਇਸ ‘ਚ ਸਥਾਈ ਸ਼ਿਫਟ ਵੋਟਰਾਂ, ਮ੍ਰਿਤਕ ਵੋਟਰਾਂ, ਗੈਰਹਾਜ਼ਰ ਵੋਟਰਾਂ ਅਤੇ ਡੁਪਲੀਕੇਟ ਵੋਟਰਾਂ ਦੇ ਨਾਮ ਹਟਾਉਣਾ ਸ਼ਾਮਲ ਹੈ।”
ਪੱਛਮੀ ਬੰਗਾਲ ‘ਚ, 58,20,898 ਵੋਟਰਾਂ ਨੂੰ ਹਟਾਉਣ ਲਈ ਪਛਾਣਿਆ ਗਿਆ ਹੈ। ਇਨ੍ਹਾਂ ‘ਚੋਂ 24 ਲੱਖ 16 ਹਜ਼ਾਰ 852 ਨਾਮ ਮ੍ਰਿਤਕ ਵੋਟਰਾਂ ਦੇ ਹਨ। 19 ਲੱਖ 88 ਹਜ਼ਾਰ 76 ਵੋਟਰ ਅਜਿਹੇ ਹਨ ਜੋ ਪੱਕੇ ਤੌਰ ‘ਤੇ ਕਿਸੇ ਹੋਰ ਥਾਂ ‘ਤੇ ਚਲੇ ਗਏ ਹਨ।
ਇਸ ਤੋਂ ਇਲਾਵਾ, 12 ਲੱਖ 20 ਹਜ਼ਾਰ 38 ਵੋਟਰ ਲਾਪਤਾ ਹਨ, 1 ਲੱਖ 38 ਹਜ਼ਾਰ 328 ਡੁਪਲੀਕੇਟ ਜਾਂ ਜਾਅਲੀ ਹਨ ਅਤੇ 57 ਹਜ਼ਾਰ 604 ਨਾਮ ਹੋਰ ਕਾਰਨਾਂ ਕਰਕੇ ਹਟਾਉਣ ਦਾ ਪ੍ਰਸਤਾਵ ਹੈ। ਪੱਛਮੀ ਬੰਗਾਲ ਦੇ 294 ਵਿਧਾਨ ਸਭਾ ਖੇਤਰਾਂ ‘ਚੋਂ ਚੌਰੰਗੀ ਅਤੇ ਕੋਲਕਾਤਾ ਬੰਦਰਗਾਹ ਵਰਗੇ ਖੇਤਰਾਂ ‘ਚ ਸਭ ਤੋਂ ਵੱਧ ਨਾਮ ਹਟਾਏ ਗਏ ਹਨ।
Read More: ਪੱਛਮੀ ਬੰਗਾਲ ‘ਚ SIR ਦੀ ਡਰਾਫਟ ਵੋਟਰ ਸੂਚੀ ਜਾਰੀ, 58.20 ਲੱਖ ਵੋਟਰਾਂ ਦੇ ਨਾਮ ਹਟਾਏ




