Election Commission of India

ਭਾਰਤ ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ 1200 ਤੱਕ ਕੀਤੀ ਸੀਮਤ

ਚੰਡੀਗੜ੍ਹ, 22 ਮਈ 2025: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗਤੀਸ਼ੀਲ ਅਤੇ ਯੋਗ ਅਗਵਾਈ ਹੇਠ ਭਾਰਤ ਚੋਣ ਕਮਿਸ਼ਨ (Election Commission of India) ਨੇ ਪਿਛਲੇ ਤਿੰਨ ਮਹੀਨਿਆਂ ‘ਚ ਕਈ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਗਿਆਨੇਸ਼ ਕੁਮਾਰ ਨੂੰ 19 ਫਰਵਰੀ, 2025 ਨੂੰ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।

ਸਿਬਿਨ ਸੀ ਨੇ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਇੱਕ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 1200 ਤੱਕ ਸੀਮਤ ਕਰ ਦਿੱਤੀ ਹੈ। ਇਸੇ ਤਰ੍ਹਾਂ, ਉੱਚੀਆਂ ਇਮਾਰਤਾਂ/ਕਲੋਨੀਆਂ ‘ਚ ਵਾਧੂ ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ ਅਤੇ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ, ਮੌਤ ਰਜਿਸਟ੍ਰੇਸ਼ਨ ਡੇਟਾ ਸਿੱਧੇ ਆਰਜੀਆਈ ਡਾਟਾਬੇਸ (ਰਜਿਸਟਰਾਰ ਜਨਰਲ ਆਫ਼ ਇੰਡੀਆ) ਤੋਂ ਪ੍ਰਾਪਤ ਕੀਤਾ ਜਾਵੇਗਾ ਅਤੇ ਪੂਰੀ ਤਰ੍ਹਾਂ ਤਸਦੀਕ ਕਰਨ ਤੋਂ ਬਾਅਦ ਹੀ ਅਪਡੇਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਰ ਜਾਣਕਾਰੀ ਸਲਿੱਪਾਂ ਨੂੰ ਹੋਰ ਵੋਟਰ-ਅਨੁਕੂਲ ਬਣਾਇਆ ਜਾਵੇਗਾ | ਵੋਟਰ ਦਾ ਸੀਰੀਅਲ ਨੰਬਰ ਅਤੇ ਪਾਰਟ ਨੰਬਰ ਹੁਣ ਵਧੇਰੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਫਰਵਰੀ ਤੋਂ ਹੁਣ ਤੱਕ ਪੂਰੇ ਭਾਰਤ ਵਿੱਚ ਸੀਈਓ/ਡੀਈਓ/ਈਆਰਓ ਪੱਧਰ ‘ਤੇ ਸਰਬ-ਪਾਰਟੀ ਬੈਠਕਾਂ ਹੋਈਆਂ ਹਨ। ਕੁੱਲ 4,719 ਬੈਠਕਾਂ ਹੋਈਆਂ (CEO-40/DEO-800/ERO-3879) ਅਤੇ ਰਾਜਨੀਤਿਕ ਪਾਰਟੀਆਂ ਦੇ 28,000 ਤੋਂ ਵੱਧ ਪ੍ਰਤੀਨਿਧੀਆਂ ਨੇ ਇਨ੍ਹਾਂ ਬੈਠਕਾਂ ‘ਚ ਹਿੱਸਾ ਲਿਆ। ਚੋਣ ਕਮਿਸ਼ਨ ਨੇ AAP/BJP/BSP/CPI(M)/NPP ਵਰਗੀਆਂ ਰਾਸ਼ਟਰੀ ਅਤੇ ਰਾਜ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨਾਲ ਵੀ ਬੈਠਕਾਂ ਕੀਤੀਆਂ ਹਨ। ਭਾਰਤ ਦੇ ਚੋਣ ਕਮਿਸ਼ਨ ਨੇ IIIDEM (ਬਿਹਾਰ, ਤਾਮਿਲਨਾਡੂ ਅਤੇ ਪੁਡੂਚੇਰੀ) ਵਿੱਚ ਰਾਜਨੀਤਿਕ ਪਾਰਟੀਆਂ ਦੇ ਬੂਥ ਪੱਧਰ ਦੇ ਏਜੰਟਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਵੀ ਕਰਵਾਏ ਜਾਣਗੇ।

ਸਿਬਿਨ ਸੀ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਇੱਕ ਨਵਾਂ ਯੂਨੀਫਾਈਡ ਡੈਸ਼ਬੋਰਡ – ECInet ਪੇਸ਼ ਕੀਤਾ ਹੈ, ਜਿਸਦਾ ਉਦੇਸ਼ ਸਾਰੇ ਹਿੱਸੇਦਾਰਾਂ (40 ਤੋਂ ਵੱਧ ਐਪਸ/ਵੈੱਬਸਾਈਟਾਂ ਦੀ ਬਜਾਏ ਸਿੰਗਲ ਐਪ) ਲਈ ਇੱਕੋ ਥਾਂ ‘ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਡੁਪਲੀਕੇਟ ਈ.ਪੀ.ਆਈ.ਸੀ. ਨੰਬਰ ਦਾ ਮਸਲਾ ਵੀ ਹੱਲ ਹੋ ਗਿਆ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਤਿਆਰੀ ਅਤੇ ਚੋਣਾਂ ਕਰਵਾਉਣ ਦੀ ਪੂਰੀ ਪ੍ਰਕਿਰਿਆ ‘ਚ 28 ਹਿੱਸੇਦਾਰਾਂ ਦੀ ਪਛਾਣ ਕੀਤੀ ਗਈ ਸੀ, ਜਿਨ੍ਹਾਂ ‘ਚ ਵੋਟਰ, ਚੋਣ ਅਧਿਕਾਰੀ, ਰਾਜਨੀਤਿਕ ਪਾਰਟੀਆਂ, ਉਮੀਦਵਾਰ ਅਤੇ ਕਈ ਹੋਰ ਸ਼ਾਮਲ ਸਨ, ਇਹ ਲੋਕ ਪ੍ਰਤੀਨਿਧਤਾ ਐਕਟ, 1950, 1951, ਵੋਟਰ ਰਜਿਸਟ੍ਰੇਸ਼ਨ ਨਿਯਮ 1960, ਚੋਣਾਂ ਕਰਵਾਉਣ ਦੇ ਨਿਯਮ, 1961 ਅਤੇ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੇ ਆਧਾਰ ‘ਤੇ ਕੀਤਾ ਸੀ। ਇਨ੍ਹਾਂ ਹਰੇਕ ਹਿੱਸੇਦਾਰ ਲਈ ਕਮਿਸ਼ਨ ਦੇ ਐਕਟਾਂ, ਨਿਯਮਾਂ ਅਤੇ ਨਿਰਦੇਸ਼ਾਂ ਦੇ ਅਧਾਰ ਤੇ ਸਿਖਲਾਈ ਪੇਸ਼ਕਾਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਇੱਕ ਵਿਲੱਖਣ ਪਹਿਲਕਦਮੀ ‘ਚ ਭਾਰਤ ਚੋਣ ਕਮਿਸ਼ਨ ਨੇ ਬੀਐਲਓਜ਼ ਲਈ ਮਿਆਰੀ ਫੋਟੋ ਪਛਾਣ ਪੱਤਰ ਜਾਰੀ ਕਰਨ ਦਾ ਐਲਾਨ ਕੀਤਾ ਹੈ। 3000 ਤੋਂ ਵੱਧ ਬੂਥ ਲੈਵਲ ਸੁਪਰਵਾਈਜ਼ਰ ਪਹਿਲਾਂ ਹੀ IIIDEM ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ ਅਤੇ ਅਗਲੇ ਕੁਝ ਸਾਲਾਂ ‘ਚ 1 ਲੱਖ ਤੋਂ ਵੱਧ ਬੂਥ ਲੈਵਲ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਭਾਰਤ ਦੇ ਚੋਣ ਕਮਿਸ਼ਨ ਨੇ IIIDEM ਵਿਖੇ ਸਾਰੇ 36 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਦਫ਼ਤਰਾਂ ਦੇ SMNOs ਅਤੇ MNOs ਲਈ ਓਰੀਐਂਟੇਸ਼ਨ ਪ੍ਰੋਗਰਾਮ ਅਤੇ IIIDEM ਵਿਖੇ ਬਿਹਾਰ ਦੇ ਪੁਲਿਸ ਅਧਿਕਾਰੀਆਂ ਲਈ ਸਿਖਲਾਈ ਵੀ ਕਰਵਾਈ। ਭਾਰਤ ਦੇ ਚੋਣ ਕਮਿਸ਼ਨ ਨੇ ਬਾਇਓਮੈਟ੍ਰਿਕ ਹਾਜ਼ਰੀ, ਈ-ਆਫਿਸ ਚਲਾਉਣ ਅਤੇ ਸੀਈਓ ਨਾਲ ਨਿਯਮਤ ਬੈਠਕਾਂ ਕਰਨ ਨੂੰ ਵੀ ਲਾਗੂ ਕੀਤਾ ਹੈ।

Read More: ਪੰਜਾਬ ‘ਚ 3000 ਤੋਂ ਵੱਧ ਚੋਣ ਸਾਖਰਤਾ ਕਲੱਬ ਵਿਦਿਆਰਥੀਆਂ ਵਿੱਚ ਚੋਣ ਜਾਗਰੂਕਤਾ ਫੈਲਾ ਰਹੇ ਹਨ: ਸਿਬਿਨ ਸੀ

Scroll to Top