Election Commission

ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 102 ਸੀਟਾਂ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 20 ਮਾਰਚ 2024: ਭਾਰਤੀ ਚੋਣ ਕਮਿਸ਼ਨ ਨੇ ਅੱਜ ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਪਹਿਲੇ ਪੜਾਅ ਦੀਆਂ 102 ਸੀਟਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅੱਜ ਤੋਂ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉਤਰਾਖੰਡ ਸਮੇਤ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ ਲਈ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਉੱਤਰ-ਪੂਰਬ ਦੇ ਛੇ ਸੂਬੇ, ਜਿਨ੍ਹਾਂ ਵਿੱਚ 9 ਲੋਕ ਸਭਾ ਸੀਟਾਂ ਹਨ। ਦੱਖਣੀ ਭਾਰਤ ਵਿੱਚ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਅਤੇ ਲਕਸ਼ਦੀਪ ਦੀ ਇੱਕ ਲੋਕ ਸਭਾ ਸੀਟ ਦਾ ਪਹਿਲੇ ਪੜਾਅ ਵਿੱਚ ਪੂਰੀ ਤਰ੍ਹਾਂ ਨਾਲ ਨਿਪਟਾਰਾ ਹੋ ਜਾਵੇਗਾ। ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੋਟਿੰਗ ਹੋਵੇਗੀ।

ਲੋਕ ਸਭਾ ਚੋਣਾਂ (Lok Sabha Elections 2024) ਦੇ ਪਹਿਲੇ ਪੜਾਅ ਲਈ 21 ਸੂਬਿਆਂ ਦੀਆਂ 102 ਸੀਟਾਂ ‘ਤੇ ਨਾਮਜ਼ਦਗੀਆਂ ਸ਼ੁਰੂ ਹੋ ਰਹੀਆਂ ਹਨ, ਬਿਹਾਰ ‘ਚ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 28 ਮਾਰਚ ਹੈ। ਇਸ ਤੋਂ ਇਲਾਵਾ ਬਾਕੀ 20 ਰਾਜਾਂ ਵਿੱਚ 27 ਮਾਰਚ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ਼ 30 ਮਾਰਚ ਹੈ, ਜਦੋਂ ਕਿ ਬਿਹਾਰ ਵਿੱਚ 2 ਅਪ੍ਰੈਲ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਪਹਿਲੇ ਪੜਾਅ ਲਈ 19 ਅਪ੍ਰੈਲ ਨੂੰ ਸਾਰੀਆਂ 102 ਲੋਕ ਸਭਾ ਸੀਟਾਂ ਲਈ ਇੱਕੋ ਸਮੇਂ ਵੋਟਿੰਗ ਹੋਵੇਗੀ, ਜਦਕਿ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ਪਹਿਲੇ ਪੜਾਅ ਵਿੱਚ ਅਰੁਣਾਚਲ ਪ੍ਰਦੇਸ਼ ਤੋਂ 2, ਬਿਹਾਰ ਤੋਂ 4, ਅਸਾਮ ਤੋਂ 4, ਛੱਤੀਸਗੜ੍ਹ ਤੋਂ 1, ਮੱਧ ਪ੍ਰਦੇਸ਼ ਤੋਂ 6, ਮਹਾਰਾਸ਼ਟਰ ਤੋਂ 5, ਮਣੀਪੁਰ ਤੋਂ 2, ਮੇਘਾਲਿਆ ਤੋਂ 2, ਮਿਜ਼ੋਰਮ ਤੋਂ 1, ਨਾਗਾਲੈਂਡ ਤੋਂ 1, ਰਾਜਸਥਾਨ ਤੋਂ 12 , ਸਿੱਕਮ ਤੋਂ 1, ਤਾਮਿਲਨਾਡੂ ਵਿੱਚ 39, ਤ੍ਰਿਪੁਰਾ ਵਿੱਚ 1, ਉੱਤਰ ਪ੍ਰਦੇਸ਼ ਵਿੱਚ 8, ਉੱਤਰਾਖੰਡ ਵਿੱਚ 5, ਪੱਛਮੀ ਬੰਗਾਲ ਵਿੱਚ 3, ਅੰਡੇਮਾਨ ਅਤੇ ਨਿਕੋਬਾਰ ਵਿੱਚ 1, ਜੰਮੂ ਅਤੇ ਕਸ਼ਮੀਰ ਵਿੱਚ 1, ਲਕਸ਼ਦੀਪ ਵਿੱਚ 1 ਅਤੇ ਪੁਡੂਚੇਰੀ ਵਿੱਚ 1 ਲੋਕ ਸਭਾ ਸੀਟ ਸ਼ਾਮਲ ਹੈ | ਜਿਕਰਯੋਗ ਹੈ ਕਿ ਲੋਕ ਸਭਾ ਦੀਆਂ 543 ਸੀਟਾਂ ਲਈ 19 ਅਪ੍ਰੈਲ ਤੋਂ ਸੱਤ ਪੜਾਵਾਂ ਵਿਚ ਆਮ ਚੋਣਾਂ ਹੋਣਗੀਆਂ ਅਤੇ ਗਿਣਤੀ 4 ਜੂਨ ਨੂੰ ਹੋਵੇਗੀ।

Scroll to Top