Election Commission of India

ਭਾਰਤੀ ਚੋਣ ਕਮਿਸ਼ਨ ਵੱਲੋਂ ਜਨਰਲ ਅਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ: ਸਿਬਿਨ ਸੀ

ਚੰਡੀਗੜ੍ਹ, 6 ਮਈ 2024: ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਹੋ ਰਹੀ ਹੈ। ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਚੋਣ ਕਮਿਸ਼ਨ (Election Commission of India) ਨੇ ਪੰਜਾਬ ਦੀਆਂ 13 ਸੀਟਾਂ ਲਈ ਜਨਰਲ ਅਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ।
ਇਸ ਬਾਬਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈ.ਏ.ਐਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ ਜਦਕਿ 7 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ ਅਧਿਕਾਰੀ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ (Election Commission of India) ਦੀਆਂ ਚੋਣ ਜ਼ਾਬਤੇ ਸਬੰਧੀ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣਗੇ।
ਜਿਨ੍ਹਾਂ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਲਾਇਆ ਗਿਆ ਹੈ, ਉਨ੍ਹਾਂ ਵਿਚ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੇ. ਮਹੇਸ਼ (2009 ਬੈਚ), ਅੰਮ੍ਰਿਤਸਰ ਲਈ ਸਿਧਾਰਥ ਜੈਨ (2001), ਖਡੂਰ ਸਾਹਿਬ ਲਈ ਅਭੀਮੰਨਿਊ ਕੁਮਾਰ (2011), ਜਲੰਧਰ ਲਈ ਜੇ. ਮੇਘਾਨਾਥ ਰੈੱਡੀ (2013), ਹੁਸ਼ਿਆਰਪੁਰ ਲਈ ਡਾ. ਆਰ ਆਨੰਦਕੁਮਾਰ (2003), ਆਨੰਦਪੁਰ ਸਾਹਿਬ ਲਈ ਡਾ. ਹੀਰਾ ਲਾਲ (2010), ਲੁਧਿਆਣਾ ਲਈ ਦਿਵਿਆ ਮਿੱਤਲ (2013), ਫਤਹਿਗੜ੍ਹ ਸਾਹਿਬ ਲਈ ਰਾਕੇਸ਼ ਸ਼ੰਕਰ (2004), ਫਰੀਦਕੋਟ ਲਈ ਰੂਹੀ ਖਾਨ (2013), ਫਿਰੋਜ਼ਪੁਰ ਲਈ ਕਪਿਲ ਮੀਨਾ (2010), ਬਠਿੰਡਾ ਲਈ ਡਾ. ਐਸ ਪ੍ਰਭਾਕਰ (2009), ਸੰਗਰੂਰ ਲਈ ਸ਼ਨਾਵਸ ਐਸ (2012), ਅਤੇ ਪਟਿਆਲਾ ਲੋਕ ਸਭਾ ਸੀਟ ਲਈ ਓਮ ਪ੍ਰਕਾਸ਼ ਬਕੋਰੀਆ (2006) ਨੂੰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੁਲਿਸ ਆਬਜ਼ਰਵਰਾਂ ਵਿਚ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਲਈ ਕੁਸ਼ਾਲ ਪਾਲ ਸਿੰਘ (2014 ਬੈਚ), ਅੰਮ੍ਰਿਤਸਰ ਤੇ ਖਡੂਰ ਸਾਹਿਬ ਲਈ ਸਵੇਤਾ ਸ੍ਰੀਮਾਲੀ (2010), ਜਲੰਧਰ ਤੇ ਲੁਧਿਆਣਾ ਲਈ ਸਤੀਸ਼ ਕੁਮਾਰ ਗਜਭੀਏ (2002), ਆਨੰਦਪੁਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਲਈ ਸੰਦੀਪ ਗਜਾਨਨ ਦੀਵਾਨ (2010), ਬਠਿੰਡਾ ਤੇ ਫਰੀਦਕੋਟ ਲਈ ਬੀ. ਸ਼ੰਕਰ ਜੈਸਵਾਲ (2001), ਫਿਰੋਜ਼ਪੁਰ ਲਈ ਏ.ਆਰ. ਦਮੋਧਰ (2013) ਅਤੇ ਸੰਗਰੂਰ ਤੇ ਪਟਿਆਲਾ ਲੋਕ ਸਭਾ ਸੀਟਾਂ ਲਈ ਅਮੀਰ ਜਾਵੇਦ (2012) ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਖਰਚਾ ਆਬਜ਼ਰਵਰਾਂ ਦੀ ਨਿਯੁਕਤੀ ਵੀ ਹੋ ਚੁੱਕੀ ਹੈ, ਜੋ ਕਿ ਆਈ.ਆਰ.ਐਸ. ਅਧਿਕਾਰੀ ਹਨ।
Scroll to Top